ਪਿੰਡ ਚੁੱਘੇ ਖੁਰਦ 'ਚ ਬਜ਼ੁਰਗ ਦਾ ਇੱਟ ਮਾਰ ਕੇ ਕਤਲ

Friday, Dec 28, 2018 - 04:16 PM (IST)

ਬਠਿੰਡਾ/ਸੰਗਤ ਮੰਡੀ(ਬਲਵਿੰਦਰ/ਮਨਜੀਤ)— ਪਿੰਡ ਚੁੱਘੇ ਖੁਰਦ ਵਿਖੇ ਅੱਜ ਸਵੇਰੇ ਇਕ ਪਿਉ-ਪੁੱਤ  ਨੇ ਇੱਟ ਮਾਰ ਕੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ, ਜਿਸਦਾ ਕਾਰਨ ਪੁਰਾਣੀ ਰੰਜਿਸ਼  ਦੱਸਿਆ  ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਚੁੱਘੇ ਖੁਰਦ ਵਿਚ ਨਗਰ ਕੀਰਤਨ ਸਜਾਇਆ ਜਾਣਾ  ਸੀ, ਜਿਸਦੇ ਸਵਾਗਤ ਲਈ ਪਿੰਡ ਵਾਸੀਆਂ ਵਲੋਂ ਰਸਤੇ ਦੀ ਸਫਾਈ ਕੀਤੀ ਜਾ ਰਹੀ ਸੀ। ਇਨ੍ਹਾਂ  ਵਿਚ ਸ਼ਮੀਰ ਸਿੰਘ, ਜਗਵੰਤ ਸਿੰਘ ਪੁੱਤਰ ਸ਼ਮੀਰ ਸਿੰਘ ਅਤੇ ਨੈਬ ਸਿੰਘ (65) ਵੀ ਸ਼ਾਮਲ ਸਨ। ਸ਼ਮੀਰ ਸਿੰਘ ਅਮੀਰ ਜਿੰਮੀਦਾਰ ਹੈ ਤੇ  ਉਸਦੇ ਸਾਹਮਣੇ ਰਹਿੰਦਾ ਨੈਬ ਸਿੰਘ ਕਾਫੀ ਗਰੀਬ ਹੈ, ਜਿਸਦੀ ਬਾਹਰ ਵਾਲੀ ਕੰਧ ਵੀ ਕੱਚੀ ਹੈ। ਸਫਾਈ ਦੌਰਾਨ ਜਦੋਂ ਪਿੰਡ ਵਾਸੀ ਕਰਾਹੇ ਨਾਲ ਕੱਚੇ ਰਸਤੇ 'ਤੇ ਮਿੱਟੀ ਖਿੱਚ ਰਹੇ ਸਨ ਤਾਂ  ਨੈਬ ਸਿੰਘ ਕੁਝ ਮਿੱਟੀ ਕਹੀ ਨਾਲ ਆਪਣੀ ਕੱਚੀ ਕੰਧ ਵੱਲ ਕਰ ਰਿਹਾ ਸੀ।

ਇਸੇ ਦੌਰਾਨ ਸ਼ਮੀਰ  ਸਿੰਘ ਤੇ ਜਗਵੰਤ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ  ਦੌਰਾਨ ਦੋਨੋਂ ਧਿਰਾਂ  ਵਿਚ ਬਹਿਸ ਕਾਫੀ ਵਧ ਗਈ। ਜਗਵੰਤ ਸਿੰਘ ਨੇ ਆਪਣੇ ਪਿਤਾ ਨੂੰ ਉਕਸਾਇਆ ਕਿ ਉਸਦੇ ਮੱਥੇ 'ਚ ਇੱਟ ਮਾਰ ਦੇਵੇ। ਇਸੇ ਦੌਰਾਨ ਸ਼ਮੀਰ ਸਿੰਘ ਨੇ ਨੇੜੇ ਪਈ ਇੱਟ ਚੁੱਕ ਕੇ ਨੈਬ  ਸਿੰਘ ਦੇ ਮੱਥੇ ਵਿਚ ਮਾਰ ਦਿੱਤੀ। ਗੰਭੀਰ ਸੱਟ ਵੱਜਣ ਨਾਲ ਨੈਬ ਸਿੰਘ ਉਥੇ ਹੀ ਡਿੱਗ ਗਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਸੰਭਾਲਿਆ ਤੇ ਡਾਕਟਰ ਨੂੰ ਬੁਲਾਇਆ, ਜਿਸਨੇ  ਦੱਸਿਆ ਕਿ  ਨੈਬ ਸਿੰਘ ਦੀ ਮੌਤ ਹੋ ਗਈ।

ਦੋਵਾਂ ਧਿਰਾਂ 'ਚ ਪਹਿਲਾਂ ਵੀ ਹੋ ਚੁੱਕਾ ਹੈ ਝਗੜਾ :
ਇੱਟ ਮਾਰਨ ਦੇ ਬਾਅਦ ਸ਼ਮੀਰ ਸਿੰਘ ਤੇ ਜਸਵੰਤ ਸਿੰਘ ਆਪਣੇ ਘਰ ਚਲੇ ਗਏ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਨੈਬ ਸਿੰਘ ਦੀ ਮੌਤ ਹੋ ਗਈ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਪਿੰਡ ਵਾਸੀਆਂ ਤੋਂ ਪਤਾ ਲੱਗਿਆ ਹੈ ਕਿ ਦੋਵਾਂ ਧਿਰਾਂ ਦੇ ਖੇਤ ਨਾਲ-ਨਾਲ ਹਨ ਤੇ ਜਦਕਿ ਪਿੰਡ 'ਚ ਵੀ ਦੋਵੇਂ ਇਕ-ਦੂਜੇ ਦੇ ਗੁਆਂਢੀ ਸਨ ਤੇ ਹੁਣ ਕੁਝ ਸਮੇਂ ਤੋਂ ਪਿੰਡ ਦੇ ਬਾਹਰ ਵੀ ਇਕ-ਦੂਜੇ ਦੇ ਗੁਆਂਢੀ ਹਨ। ਉਕਤ ਕੰਧ ਦੇ ਨਾਲ ਮਿੱਟੀ ਲਾਉਣ ਨੂੰ ਲੈ ਕੇ ਦੋਵਾਂ ਧਿਰਾਂ 'ਚ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ। ਕਰੀਬ ਦੋ ਸਾਲ ਪਹਿਲਾਂ ਸ਼ਮੀਰ ਸਿੰਘ ਤੇ ਉਸਦੇ ਸਾਥੀ ਨੈਬ ਸਿੰਘ ਨੂੰ  ਚੁੱਕ ਕੇ ਘਰ ਲੈ ਗਏ ਸੀ, ਜਿਥੇ ਉਸਦੀ ਕੁੱਟ-ਮਾਰ ਕੀਤੀ ਗਈ ਸੀ ਪਰ ਪੰਚਾਇਤ ਨੇ ਸਮਝੌਤਾ ਕਰਵਾ ਦਿੱਤਾ ਸੀ ਪਰ ਅੱਜ ਹੋਈ ਲੜਾਈ ਨੇ ਨੈਬ ਸਿੰਘ ਦੀ ਜਾਨ ਲੈ ਲਈ। 
ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ :
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਆਰ. ਦਵਿੰਦਰ ਸਿੰਘ ਅਤੇ ਥਾਣਾ ਨੰਦਗੜ੍ਹ ਦੇ ਮੁਖੀ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ  ਨੇ  ਨੈਬ  ਸਿੰਘ  ਦੀ  ਲਾਸ਼  ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਫਰਾਰ ਹਨ, ਜਿਨ੍ਹਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


cherry

Content Editor

Related News