ਕੈਪਟਨ ਦੇ ਕਰਜ਼ ਮੁਆਫੀ ਸਮਾਗਮ 'ਚ 22 ਨੂੰ ਵੱਜੇਗਾ ਕੁਲਵਿੰਦਰ ਬਿੱਲਾ ਦਾ 'ਡੀਜੇ'
Sunday, Jan 20, 2019 - 11:23 AM (IST)

ਬਠਿੰਡਾ (ਵੈੱਬ ਡੈਸਕ)— ਇਕ ਪਾਸੇ ਜਿੱਥੇ ਸਰਕਾਰ ਵੱਲੋਂ ਖਜ਼ਾਨਾ ਖਾਲ੍ਹੀ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਹੈ ਉਥੇ ਹੀ ਕੈਪਟਨ ਸਰਕਾਰ ਵੱਲੋਂ ਕਰਵਾਏ ਜਾ ਰਹੇ 'ਕਰਜ਼ ਮੁਆਫੀ ਸਮਾਗਮ' ਤੇ 'ਸਰਕਾਰੀ ਨੌਕਰੀ ਮੇਲੇ' ਮਹਿੰਗੇ ਕਲਾਕਾਰਾਂ ਦੀਆਂ ਜੇਬਾਂ ਗਰਮ ਕਰ ਰਹੇ ਹਨ। ਇਨ੍ਹਾਂ ਸਰਕਾਰੀ ਸਮਾਗਮਾਂ ਵਿਚ ਕਰਜ਼ੇ ਹੇਠਾਂ ਦੱਬੇ ਅਤੇ ਬੇਰੁਜ਼ਾਗਾਰੀ ਦੇ ਮਾਰੇ ਲੋਕ ਆਉਂਦੇ ਹਨ ਅਤੇ ਕਲਾਕਾਰ ਉਨ੍ਹਾਂ ਦਾ ਮਨੋਰੰਜਨ ਕਰਦੇ ਹਨ। ਬਦਲੇ ਵਿਚ ਸਰਕਾਰੀ ਖਜ਼ਾਨਾਂ ਇਨ੍ਹਾਂ ਕਲਾਕਾਰਾਂ ਤੋਂ ਲੱਖਾਂ ਰੁਪਏ ਵਾਰਦਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ 22 ਜਨਵਰੀ ਨੂੰ ਕਰਜ਼ਾ ਮੁਆਫੀ ਸਮਾਗਮ ਰੱਖੇ ਗਏ ਹਨ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਪੁੱਜ ਰਹੇ ਹਨ। ਇਨ੍ਹਾਂ ਸਮਾਗਮਾਂ ਲਈ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਨੂੰ 4 ਲੱਖ ਤੋਂ 4.50 ਲੱਖ ਰੁਪਏ ਵਿਚ ਬੁੱਕ ਕੀਤਾ ਗਿਆ ਹੈ। ਗਾਇਕ ਕੁਲਵਿੰਦਰ ਬਿੱਲਾ ਦਾ 'ਡੀਜੇ ਵੱਜਦਾ ਨਿਆਈ ਵਾਲੇ ਖੇਤ 'ਚ' ਕਾਫੀ ਹਿੱਟ ਰਿਹਾ ਹੈ। ਹੁਣ ਗਾਇਕ ਬਿੱਲਾ ਮਹਿਰਾਜ ਦੀ ਨਿਆਈ ਵਿਚ 'ਡੀਜੇ' ਵਜਾਉਣਗੇ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਚ ਕਰਵਾਏ ਗਏ 'ਕਰਜ਼ਾ ਮੁਆਫੀ ਸਮਾਗਮ' ਅਤੇ ਪੰਜਾਬੀ ਯੂਨੀਵਰਸਿਟੀ ਵਿਚ ਲਗਾਏ ਗਏ 'ਨੌਕਰੀ ਮੇਲੇ' ਵਿਚ ਵੀ ਗਾਇਕ ਕੁਲਵਿੰਦਰ ਬਿੱਲਾ ਨੇ ਹੀ ਰੰਗ ਬੰਨ੍ਹਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਕਰਜ਼ ਮੁਆਫੀ ਸਮਾਰੋਹ ਮਾਨਸਾ ਵਿਚ ਆਯੋਜਿਤ ਕੀਤਾ ਸੀ, ਜਿੱਥੇ ਗੁਰਦਾਸ ਮਾਨ ਨੇ 'ਇਸ਼ਕ ਦਾ ਗਿੱਧਾ' 5 ਲੱਖ ਰੁਪਏ ਵਿਚ ਪਾਇਆ ਸੀ। ਇਸੇ ਤਰ੍ਹਾਂ ਜ਼ਿਲਾ ਸੰਗਰੂਰ ਹੋਏ ਕਰਜ਼ਾ ਮੁਆਫੀ ਸਮਾਗਮ ਵਿਚ ਕਲਾਕਾਰ ਰਣਜੀਤ ਬਾਵਾ ਪੁੱਜੇ ਸਨ, ਜਿਨ੍ਹਾਂ ਦੀ ਬੁਕਿੰਗ ਦਾ ਮਾਰਕੀਟ ਰੇਟ ਪੰਜ ਲੱਖ ਰੁਪਏ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਨਕੋਦਰ ਵਿਚ ਹੋਏ ਕਰਜ਼ ਮੁਆਫੀ ਸਮਾਗਮਾਂ ਵਿਚ ਮਾਸਟਰ ਸਲੀਮ ਦੇ 'ਚਰਖੇ ਦੀ ਘੂਕ' ਪਈ ਸੀ। ਲੁਧਿਆਣਾ ਵਿਚ ਲੱਗੇ ਨੌਕਰੀ ਮੇਲੇ ਵਿਚ ਮਸ਼ਹੂਰ ਗਾਇਕ ਜਸਪਾਲ ਜੱਸੀ ਨੇ ਪ੍ਰੋਗਰਾਮ ਕੀਤਾ ਸੀ, ਜਿਨ੍ਹਾਂ ਨੂੰ 5.50 ਲੱਖ ਦੀ ਅਦਾਇਗੀ ਕੀਤੀ ਗਈ ਸੀ।
ਹੁਣ ਮਹਿਰਾਜ ਵਿਚ ਗਾਇਕ ਕੁਲਵਿੰਦਰ ਬਿੱਲਾ ਦਾ ਪ੍ਰੋਗਰਾਮ ਹੈ। ਇਵੇਂ ਹੀ 24 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ਕਰਜ਼ ਮੁਆਫੀ ਸਮਾਰੋਹ ਹੋ ਰਹੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਿਰਾਜ ਸਮਾਗਮਾਂ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਨ੍ਹਾਂ ਸਮਾਗਮਾਂ ਵਿਚ ਗਾਇਕ ਕੁਲਵਿੰਦਰ ਬਿੱਲਾ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮਾਂ ਦੇ ਪ੍ਰਬੰਧਾਂ ਆਦਿ ਦਾ ਸਾਰਾ ਖਰਚਾ ਪੰਜਾਬ ਮੰਡੀ ਬੋਰਡ ਵਲੋਂ ਕੀਤਾ ਜਾਣਾ ਹੈ।