ਲਾੜਾ ਬਣ, ਘੋੜੀ 'ਤੇ ਬੈਠ ਕੇ ਬਠਿੰਡਾ 'ਚ ਕੈਪਟਨ ਵਿਰੁੱਧ ਅਨੋਖਾ ਪ੍ਰਦਰਸ਼ਨ
Sunday, Jan 27, 2019 - 05:26 PM (IST)
ਬਠਿੰਡਾ(ਅਮਿਤ)— ਆਪਣੀਆਂ ਮੰਗਾਂ ਮਨਵਾਉਣ ਲਈ ਅਕਸਰ ਲੋਕਾਂ ਵੱਲੋਂ ਕਈ ਧਰਨੇ-ਪ੍ਰਦਰਸ਼ਨ ਕੀਤੇ ਜਾਂਦੇ ਹਨ ਪਰ ਬਠਿੰਡਾ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਲੋਕਾਂ ਨੇ ਅਨੋਖਾ ਤਰੀਕਾ ਅਪਣਾਇਆ ਹੈ। ਦਰਅਸਲ ਬਠਿੰਡਾ ਵਿਚ ਘੋੜੀ 'ਤੇ ਬੈਠ ਕੇ ਇਹ ਲਾੜਾ ਕਿਸੇ ਨੂੰ ਵਿਆਹੁਣ ਲਈ ਨਹੀਂ ਜਾ ਰਿਹਾ। ਸਗੋਂ ਨੋਟਾਂ ਦੀ ਬਾਰਿਸ਼ ਕਰਕੇ ਇਹ ਦੱਸ ਰਿਹਾ ਹੈ ਕਿ ਕੈਪਟਨ ਸਾਬ੍ਹ ਵੀ ਜਿਵੇਂ ਕੋਈ ਲਾੜਾ ਆਪਣੇ ਵਿਆਹ ਵਿਚ ਪੈਸੇ ਲੁਟਾਉਂਦਾ ਹੈ ਓਵੇਂ ਹੀ ਆਪਣੇ ਵਿਧਾਇਕਾਂ 'ਤੇ ਪੈਸੇ ਲੁਟਾ ਰਹੇ ਹਨ ਪਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹਨ।

ਪ੍ਰਦਰਸ਼ਕਾਰੀ ਵਿਜੈ ਕੁਮਾਰ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕੈਪਟਨ ਸਾਬ੍ਹ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ, ਜੋ ਕਿ ਝੂਠੇ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਗਰੀਬ ਪਰਿਵਾਰ ਨੂੰ ਰਾਸ਼ਨ ਸਕੀਮ ਤਹਿਤ ਕੁੱਝ ਮਿਲਿਆ ਅਤੇ ਨਾ ਹੀ ਕਿਸੇ ਨੂੰ ਕੋਈ ਸਮਾਰਟ ਫੋਨ ਮਿਲਿਆ ਹੈ। ਉਨਾਂ ਕਿਹਾ ਜੇਕਰ ਕਿਸੇ ਨੂੰ ਵੀ ਕੈਪਟਨ ਸਰਕਾਰ ਵੱਲੋਂ ਸਮਾਰਟਫੋਨ ਜਾਂ ਗਰੀਬ ਪਰਿਵਾਰ ਨੂੰ ਰਾਸ਼ਨ ਅਤੇ ਬੇਰੋਜ਼ਗਾਰਾਂ ਨੂੰ ਨੌਕਰੀ ਦਿੱਤੀ ਗਈ ਹੈ ਤਾਂ ਮੈਂ ਉਸ ਨੂੰ ਇਨਾਮ ਦੇ ਰੂਪ ਵਿਚ ਨਗਦ ਰਾਸ਼ੀ ਦੇਣ ਲਈ ਤਿਆਰ ਹਾਂ। ਵਿਜੈ ਕੁਮਾਰ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀ ਤਨਖਾਹ ਜ਼ਰੂਰ ਵਧਾਈ ਹੈ ਅਤੇ ਗਰੀਬਾਂ ਨਾਲ ਕੀਤੇ ਵਾਅਦਿਆਂ ਦਾ ਗਲਾ ਘੁੱਟਿਆ ਹੈ।
