ਬਠਿੰਡਾ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ਜੀਤਮਲ ਜੇਤੂ ਐਲਾਨ

06/21/2019 5:41:23 PM

ਬਠਿੰਡਾ (ਵਰਮਾ) : ਨਗਰ ਨਿਗਮ ਬਠਿੰਡਾ ਦੇ ਖਾਲੀ ਪਏ 30 ਨੰਬਰ ਵਾਰਡ 'ਚ ਸ਼ੁੱਕਰਵਾਰ ਨੂੰ ਉਪ ਚੋਣ ਹੋਈ, ਜਿਸ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ, ਜਦਕਿ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਇਆ। ਕਾਂਗਰਸ ਦੇ ਪੁਰਾਣੇ ਆਗੂ ਤੇ ਸਾਬਕਾ ਕੌਂਸਲਰ ਜੀਤ ਮੱਲ ਨੂੰ ਜਿੱਤ ਦੀ ਖੁਸ਼ੀ ਨਸੀਬ ਹੋਈ, ਜਿਨ੍ਹਾਂ ਭਾਜਪਾ ਦੇ ਉਮੀਦਵਾਰ ਮਨੀਸ਼ ਸ਼ਰਮਾ ਨੂੰ ਹਰਾ ਕੇ 2136 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਵੇਰੇ 8 ਵਜੇ ਤੋਂ ਕੁਲ 5 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਚੱਲਦੀਆਂ ਰਹੀਆਂ। ਇਸ ਦੌਰਾਨ 61.70 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਿਸ 'ਚ ਕਾਂਗਰਸ ਨੂੰ 2784, ਜਦਕਿ ਭਾਜਪਾ ਦੇ ਉਮੀਦਵਾਰ ਨੂੰ ਕੁਲ 648 ਵੋਟਾਂ ਹਾਸਲ ਹੋਈਆਂ ਤੇ ਇਕ ਵੱਡੇ ਅੰਤਰ ਨਾਲ ਕਾਂਗਰਸ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ। ਕੁਲ 5612 ਵੋਟਾਂ 'ਚੋਂ 3466 ਦੀ ਪੋਲਿੰਗ ਹੋਈ, ਜਿਸ 'ਚ 20 ਵੋਟ ਨੋਟਾ ਨੂੰ ਮਿਲੇ ਤੇ ਹੋਰ ਤਿੰਨ ਆਜ਼ਾਦ ਉਮੀਦਵਾਰ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਨ੍ਹਾਂ ਚੋਣਾਂ ਦੇ ਰਿਟਰਨ ਅਧਿਕਾਰੀ ਬਠਿੰਡਾ ਦੇ ਐੱਸ. ਡੀ. ਐੱਮ. ਅਮਰਿੰਦਰ ਸਿੰਘ ਟਿਵਾਣਾ ਸੀ, ਜਿਨ੍ਹਾਂ ਸ਼ਾਮ 5.30 ਵਜੇ ਇਨ੍ਹਾਂ ਨਤੀਜਿਆਂ ਦਾ ਐਲਾਨ ਕੀਤਾ। ਚੋਣਾਂ ਦਾ ਨਤੀਜਾ ਆਉਂਦੇ ਹੀ ਕਾਂਗਰਸ ਸਮਰਥਕ ਢੋਲ ਦੀ ਥਾਪ 'ਤੇ ਨੱਚਦੇ ਨਜ਼ਰ ਆਏ ਤੇ ਇਕ-ਦੂਜੇ ਨੂੰ ਵਧਾਈ ਦੇਣ ਦਾ ਤਾਂਤਾ ਲੱਗਾ ਰਿਹਾ।


cherry

Content Editor

Related News