ਹੜ੍ਹ ਨਾਲ ਨਜਿੱਠਣ ਲਈ ਬਠਿੰਡਾ ਨਿਗਮ ਨੂੰ 48.53 ਕਰੋੜ ਰੁਪਏ ਜਾਰੀ : ਬ੍ਰਹਮ ਮਹਿੰਦਰਾ
Friday, Aug 09, 2019 - 04:25 PM (IST)
ਬਠਿੰਡਾ (ਅਮਿਤ, ਵਰਮਾ) : ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਬਠਿੰਡਾ 'ਚ ਮੀਂਹ ਨਾਲ ਹੋਏ ਨੁਕਸਾਨ ਦਾ ਹਵਾਈ ਦੌਰਾ ਕੀਤਾ ਤੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਸਥਾਨਕ ਫੀਲਡ ਹੋਸਟਲ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬ੍ਰਹਮ ਮਹਿੰਦਰਾ ਅਤੇ ਉਨ੍ਹਾਂ ਨਾਲ ਆਏ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ, ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਠਿੰਡਾ ਦੀ ਸਮੱਸਿਆ ਜੋ ਦਹਾਕਿਆਂ ਤੋਂ ਪਈ ਹੋਈ ਹੈ, ਦਾ ਨਿਪਟਾਰਾ ਜਲਦ ਹੋਵੇਗਾ, ਜਦ ਕਿ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ 48.53 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਦਾ ਸੀਵਰੇਜ ਬੋਰਡ ਨੇ ਟੈਂਡਰ ਵੀ ਭਰ ਦਿੱਤਾ ਹੈ।
ਨਗਰ ਨਿਗਮ ਦੀ ਆਮਦਨੀ 'ਤੇ ਟਿੱਪਣੀ ਕਰਦੇ ਹੋਏ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਿਗਮ ਨੂੰ 32.18 ਕਰੋੜ ਰੁਪਏ ਦੀ ਆਮਦਨੀ ਪ੍ਰਤੀ ਸਾਲ ਹੁੰਦੀ ਹੈ, ਜਦ ਕਿ ਇਸ ਦਾ ਖਰਚ 34.35 ਕਰੋੜ ਹੈ, ਜਿਸ 'ਚ 2 ਕਰੋੜ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਸਮੀਖਿਆ ਹੋਵੇਗੀ। ਨਾਜਾਇਜ਼ ਨਿਰਮਾਣ ਅਤੇ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਦੀ ਯੋਜਨਾ ਸਬੰਧੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ 'ਚ ਲਿਆ ਹੈ, ਜਿਸ ਲਈ ਇਕਮੁਸ਼ਤ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਰੌਲਾ ਨਾਜਾਇਜ਼ ਨਿਰਮਾਣ ਨੂੰ ਲੈ ਕੇ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਰੈਗੂਲਰ ਕਰਨ ਲਈ ਜੁਰਮਾਨੇ ਨਾਲ ਵਸੂਲੀ ਦੀ ਤਿਆਰੀ ਦੀ ਯੋਜਨਾ ਤਿਆਰ ਕੀਤੀ ਹੈ। ਆਵਾਰਾ ਪਸ਼ੂਆਂ ਬਾਰੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਇਕ ਵੱਡੀ ਸਮੱਸਿਆ ਹੈ ਪਰ ਸਰਕਾਰ ਇਸ ਦਾ ਹੱਲ ਜ਼ਰੂਰ ਕੱਢੇਗੀ। ਇਸ ਮੌਕੇ ਉਨ੍ਹਾਂ ਨਾਲ ਮੋਹਿਤ ਮਹਿੰਦਰਾ, ਜ਼ਿਲਾ ਪ੍ਰਧਾਨ ਅਰੁਣ ਵਧਾਵਨ, ਕੌਂਸਲਰ ਜਗਰੂਪ ਸਿੰਘ ਗਿੱਲ, ਪੰਕਜ ਖੰਨਾ, ਰੋਸ਼ੀ ਪੱਕਾ ਅਤੇ ਡਾ. ਸਤਪਾਲ ਭਠੇਜਾ ਆਦਿ ਕਾਂਗਰਸ ਕਾਰਜਕਾਰੀ ਮੌਜੂਦ ਸਨ।