ਦਾਦੂਵਾਲ ਨੂੰ ਨਹੀਂ ਮਿਲੀ ਜ਼ਮਾਨਤ, ਦੀਵਾਲੀ ਦੀ ਰਾਤ ਜੇਲ ''ਚ ਹੀ ਕੱਟੇਗੀ
Friday, Oct 25, 2019 - 09:24 AM (IST)
ਬਠਿੰਡਾ (ਵਰਮਾ) : ਲਾਇਨਜ਼ ਕਲੱਬ ਦੇ ਮਾਮਲੇ 'ਚ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਬਠਿੰਡਾ ਜੇਲ, ਫਿਰ ਫਿਰੋਜ਼ਪੁਰ ਅਤੇ ਉਸ ਤੋਂ ਬਾਅਦ ਕਪੂਰਥਲਾ ਜੇਲ ਸ਼ਿਫਟ ਕਰ ਦਿੱਤਾ ਗਿਆ ਸੀ। ਸ਼ਾਂਤੀ ਭੰਗ ਦੇ ਮਾਮਲੇ 'ਚ ਬੇਸ਼ੱਕ ਤਲਵੰਡੀ 'ਚ ਐੱਸ. ਡੀ. ਐੱਮ. ਦੀ ਅਦਾਲਤ ਨੇ ਦਾਦੂਵਾਲ ਸਮੇਤ ਉਨ੍ਹਾਂ ਦੇ 4 ਸੇਵਕਾਂ ਦੀ ਜ਼ਮਾਨਤ ਅਪੀਲ ਬੁੱਧਵਾਰ ਨੂੰ ਮਨਜ਼ੂਰ ਕਰ ਲਈ ਸੀ ਪਰ ਕਪੂਰਥਲਾ ਜੇਲ 'ਚ ਮੋਬਾਇਲ ਬਰਾਮਦਗੀ ਦੇ ਮਾਮਲੇ 'ਚ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ 20 ਅਕਤੂਬਰ ਨੂੰ ਅੰਮ੍ਰਿਤਸਰ ਦੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕਪੂਰਥਲਾ ਜੇਲ 'ਚ ਕੈਦੀਆਂ ਦੀ ਤਲਾਸ਼ੀ ਲਈ ਗਈ ਸੀ, ਜਿਥੇ ਦਾਦੂਵਾਲ ਤੇ ਉਨ੍ਹਾਂ ਦੇ ਸੇਵਕਾਂ ਕੋਲੋਂ ਮੋਬਾਇਲ ਬਰਾਮਦ ਹੋਇਆ ਸੀ। ਇਸ ਸਬੰਧੀ ਕਪੂਰਥਲਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਸਮੇਤ ਉਨ੍ਹਾਂ ਦੇ ਸਾਥੀਆਂ ਦੀ ਜ਼ਮਾਨਤ ਅਪੀਲ ਰੱਦ ਕਰ ਕੇ ਉਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਹੁਣ ਦਾਦੂਵਾਲ ਦੀ ਦੀਵਾਲੀ ਦੀ ਰਾਤ ਜੇਲ 'ਚ ਹੀ ਕੱਟੇਗੀ, ਜਦਕਿ ਉਨ੍ਹਾਂ ਦੇ ਸਮਰਥਕਾਂ ਨੇ ਪੁਲਸ ਅਤੇ ਸਰਕਾਰ 'ਤੇ ਭੇਦਭਾਵ ਦਾ ਦੋਸ਼ ਲਾਇਆ ਹੈ।