ਬਠਿੰਡਾ ਏਮਜ਼ ਲਈ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ
Monday, Aug 26, 2019 - 12:10 PM (IST)
ਬਠਿੰਡਾ (ਵੈੱਬ ਡੈਸਕ) : 26 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਵੱਲੋਂ ਬਠਿੰਡਾ ਏਮਜ਼ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿੱਥੇ ਅੱਜ ਭਾਵ ਸੋਮਵਾਰ ਤੋਂ 50 ਐਮ.ਬੀ.ਬੀ.ਐਸ. ਵਿਦਿਆਰਥੀਆਂ ਦੇ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਹ ਕਲਾਸਾਂ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਜੀ.ਜੀ.ਐਸ.ਐਮ.ਸੀ.) ਦੇ ਆਰਜ਼ੀ ਕੈਂਪਸ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐਚ.ਐਸ.) ਅਧੀਨ ਆਉਂਦੇ ਹਨ, ਵਿਖੇ ਆਯੋਜਿਤ ਕੀਤੀਆਂ ਜਾਣਗੀਆਂ। 21 ਸਾਲ ਪਹਿਲਾਂ ਸਥਾਪਤ ਕੀਤੀ ਗਈ ਇਹ ਯੂਨੀਵਰਸਿਟੀ ਬਠਿੰਡਾ ਸ਼ਹਿਰ ਵਿਚ ਏਮਜ਼ ਦੀ ਸਥਾਪਨਾ ਲਈ ਸਲਾਹਕਾਰ ਹੈ।
ਬਠਿੰਡਾ ਦੇ ਡੀ.ਸੀ. ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਇਸ 3 ਮੰਜ਼ਲਾ ਇਮਾਰਤ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ। ਨਿਰਮਾਣ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਓ.ਪੀ.ਡੀ. ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਇਮਾਰਤ ਨਾਲ ਡਾਇਗਨੋਸਟਿਕ ਅਤੇ ਹੋਰ ਬਲਾਕਾਂ ਦੀ ਉਸਾਰੀ ਵੀ ਤੇਜ਼ੀ ਨਾਲ ਚੱਲ ਰਹੀ ਹੈ। ਮੇਨ ਐਂਟਰੈਸ ਤੋਂ ਓ.ਪੀ.ਡੀ. ਬਲਾਕ ਤੱਕ ਸੜਕ ਬਣਾਉਣ ਦਾ ਕੰਮ ਵੀ ਜਲਦ ਪੂਰਾ ਕੀਤਾ ਜਾਵੇਗਾ।
ਬੀ.ਐਫ.ਯੂ.ਐਚ.ਐਫ. ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਕਿਹਾ ਕਿ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਸਹੀ ਗਿਣਤੀ ਕਾਊਂਸਲਿੰਗ ਦੇ ਅੰਤਿਮ ਦੌਰ ਤੋਂ ਬਾਅਦ ਸੋਮਵਾਰ ਨੂੰ ਸਾਫ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਏਮਜ਼ ਦੇ ਵਿਦਿਆਰਥੀਆਂ ਨੂੰ ਕਲਾਸਾਂ ਲਗਾਉਣ ਅਤੇ ਹੋਸਟਲ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ।
ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਵਿਚ ਕਲਾਸਾਂ ਬਠਿੰਡਾ ਕੈਂਪਸ ਵਿਚ ਤਬਦੀਲ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਅਧਿਆਪਕਾਂ ਦੀ ਨਿਯੁਕਤੀ ਵਿਚ ਦੇਰੀ ਪ੍ਰਾਜੈਕਟ ਨੂੰ ਅਸਫਲ ਕਰ ਰਹੀ ਸੀ। ਉਦਘਾਟਨ ਸਮੇਂ ਮੋਦੀ ਨੇ ਕਿਹਾ ਸੀ ਕਿ ਇਹ ਸੰਸਥਾਨ 2020 ਤੱਕ ਚਾਲੂ ਕਰ ਦਿੱਤਾ ਜਾਵੇਗਾ। ਹਾਲਾਂਕਿ ਵਾਤਾਵਰਣ ਦੀ ਮਨਜ਼ੂਰੀ ਦੀ ਘਾਟ ਕਾਰਨ, ਇਸ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ।