ਤੇਜ਼ਧਾਰ ਗੰਡਾਸਿਆਂ ਨਾਲ ਵੱਢਿਆ ਨੌਜਵਾਨ, ਮੌਤ

03/14/2020 10:53:59 AM

ਬਠਿੰਡਾ (ਵਰਮਾ) : ਮਾਡਲ ਟਾਊਨ ਸਥਿਤ ਓਵਰਬ੍ਰਿਜ ਕੋਲ ਬਣੇ ਕਾਲੀ ਮਾਤਾ ਮੰਦਰ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਲੜਾਈ 'ਚ ਗੁਰਪ੍ਰੀਤ ਸਿੰਘ (18) ਪੁੱਤਰ ਬਲਦੇਵ ਸਿੰਘ ਵਾਸੀ ਲਾਲ ਸਿੰਘ ਬਸਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਨੇ ਇਲਾਜ ਦੌਰਾਨ ਬੀਤੀ ਰਾਤ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੇ ਸਿਰ 'ਤੇ ਡੂੰਘੀ ਸੱਟ ਹੋਣ ਕਰ ਕੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਥਾਣਾ ਸਿਵਲ ਲਾਈਨ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ 'ਤੇ ਦੋਸ਼ੀ ਨੌਜਵਾਨਾਂ 'ਤੇ ਪਹਿਲਾਂ ਤੋਂ ਦਰਜ ਇਰਾਦਾ ਹੱਤਿਆ ਦੇ ਮਾਮਲੇ ਦੇ ਨਾਲ ਹੁਣ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਕਾਲੀ ਮਾਤਾ ਮੰਦਰ 'ਚ ਰਹਿਣ ਵਾਲੇ ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜਾਮ
ਕਾਲੀ ਮਾਤਾ ਦੇ ਮੰਦਰ 'ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਜਮਾਈ ਬੈਠੇ ਪੁਜਾਰੀ ਦੇ ਲੜਕਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਮੰਦਰ ਪਹਿਲਾਂ ਹੀ ਚਰਚਾ 'ਚ ਰਿਹਾ ਅਤੇ ਮੰਦਰ 'ਚ ਰਹਿਣ ਵਾਲੇ ਨੌਜਵਾਨਾਂ 'ਤੇ ਪਹਿਲਾਂ ਵੀ ਕੁੱਟ-ਮਾਰ, ਧੋਖਾਦੇਹੀ ਆਦਿ ਦੇ ਦੋਸ਼ ਲੱਗਦੇ ਆ ਰਹੇ ਹਨ। ਮੰਦਰ ਦੀ ਬਣੀ ਕਮੇਟੀ ਨੇ ਮੰਦਰ ਨੂੰ ਕਈ ਵਾਰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਜਾਰੀ ਦੇ ਲੜਕਿਆਂ ਨੇ ਧੱਕੇਸ਼ਾਹੀ ਕਰ ਕੇ ਤਾਲੇ ਤੋੜ ਦਿੱਤੇ ਸੀ। ਕਾਲੀ ਮਾਤਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਪੰਡਤ ਸੰਦੀਪ ਪਾਠਕ ਦਾ ਕਹਿਣਾ ਹੈ ਕਿ ਇਹ ਮੰਦਰ ਅਸਮਾਜਿਕ ਤੱਤਾਂ ਦਾ ਅੱਡਾ ਬਣਿਆ ਹੋਇਆ ਸੀ। ਫਿਲਹਾਲ ਮਾਮਲੇ 'ਚ ਨਾਮਜ਼ਦ ਸਾਰੇ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ 'ਚ ਆਪਸੀ ਤਕਰਾਰਬਾਜ਼ੀ ਦੱਸੀ ਜਾ ਰਹੀ ਹੈ, ਜਦਕਿ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨਾਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਹੀ ਸਹੀ ਕਾਰਣਾਂ ਦਾ ਪਤਾ ਚੱਲੇਗਾ।

ਦੋਵਾਂ ਧਿਰਾਂ ਵਿਚਕਾਰ ਹੋਈ ਝੜਪ ਮੰਦਰ ਦੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਹੋਈ ਕੈਦ
ਦੋਵਾਂ ਧਿਰਾਂ ਵਿਚਕਾਰ ਹੋਈ ਇਸ ਝੜਪ ਦੀ ਪੂਰੀ ਵਾਰਦਾਤ ਮੰਦਰ ਦੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਜਿਸ ਦੀ ਫੁਟੇਜ ਹਾਸਲ ਕਰ ਕੇ ਦੋਸ਼ੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼ੁੱਕਰਵਾਰ ਨੂੰ ਪੁਲਸ ਨੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਕਚਹਿਰੀ ਚੌਕੀ ਇੰਚਾਰਜ ਅਤੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱÎਸਿਆ ਕਿ ਬੀਤੀ 11 ਮਾਰਚ ਨੂੰ ਸ਼ਿਕਾਇਤ ਦੇ ਕੇ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਦੱਸਿਆ ਸੀ ਕਿ 10 ਮਾਰਚ ਨੂੰ ਹੋਲੀ ਵਾਲੇ ਦਿਨ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਭੁਪਿੰਦਰ ਸਿੰਘ ਹੋਲੀ ਖੇਡਣ ਲਈ ਆਪਣੇ ਦੋਸਤ ਦੇ ਘਰ ਜਾ ਰਹੇ ਸੀ। ਮਾਡਲ ਟਾਊਨ ਫੇਜ਼-1 ਕੋਲ ਸਥਿਤ ਕਾਲੀ ਮਾਤਾ ਮੰਦਰ ਕੋਲ ਪੁੱਜੇ ਤਾਂ ਭਾਗੂ ਰੋਡ 'ਤੇ ਰਹਿਣ ਵਾਲੇ ਨੌਜਵਾਨ ਰਾਹੁਲ, ਸੰਨੀ, ਉਸ ਦਾ ਛੋਟਾ ਭਰਾ ਅਤੇ ਰਾਜਦੀਪ ਸਿੰਘ ਸਮੇਤ 15 ਅਣਪਛਾਤੇ ਨੌਜਵਾਨਾਂ ਨੇ ਮਿਲ ਕੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਭੁਪਿੰਦਰ ਨੂੰ ਘੇਰ ਲਿਆ।

ਉਨ੍ਹਾਂ ਨੂੰ ਸੜਕ 'ਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਹ ਸਾਰੀ ਵਾਰਦਾਤ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਦੋਸ਼ੀਆਂ ਨੇ ਤੇਜ਼ਧਾਰ ਗੰਡਾਸਿਆਂ ਨਾਲ ਉਸ ਦੇ ਲੜਕੇ ਵੱਢ ਦਿੱਤਾ, ਜਿਸ ਕਰ ਕੇ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਲੜਕੇ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਦਾ ਦੋਸ਼ੀਆਂ ਨਾਲ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ 'ਚ ਉਨ੍ਹਾਂ ਨੇ ਉਸ ਦੇ ਲੜਕੇ ਨਾਲ ਕੁੱਟ-ਮਾਰ ਕੀਤੀ। ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨਾਂ 'ਤੇ ਪਹਿਲਾਂ ਹੀ ਮਾਮਲੇ ਦਰਜ ਹਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


Baljeet Kaur

Content Editor

Related News