ਪਾਵਰਕੌਮ ਨੇ ਆਪਣੇ ਘਰ ਤੋਂ ਸ਼ੁਰੂ ਕੀਤੀ ਬਿਜਲੀ ਚੋਰੀ ਖਿਲਾਫ਼ ਮੁਹਿੰਮ
Saturday, Apr 20, 2019 - 01:17 PM (IST)
ਬਠਿੰਡਾ(ਵੈੱਬ ਡੈਸਕ) : ਪਾਵਰਕੌਮ ਨੇ ਇਸ ਵਾਰ ਬਿਜਲੀ ਚੌਰੀ ਖਿਲਾਫ਼ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕੀਤੀ ਹੈ ਜਿਸ ਨਾਲ ਲੋਕਾਂ ਵਿਚ ਇਕ ਚੰਗਾ ਸੁਨੇਹਾ ਗਿਆ ਹੈ। ਅਫਸਰਾਂ ਤੇ ਮੁਲਾਜ਼ਮਾਂ ਦੇ ਬਿਜਲੀ ਮੀਟਰਾਂ ਦੀ ਚੈਕਿੰਗ ਤੋਂ ਬਾਅਦ ਹੀ ਆਮ ਲੋਕਾਂ ਦੇ ਬਿਜਲੀ ਮੀਟਰਾਂ ਦੀ ਚੈਕਿੰਗ ਹੋਵੇਗੀ। ਦੱਸ ਦੇਈਏ ਕਿ ਪਾਵਰਕੌਮ ਦੇ ਸੀ.ਐੈੱਮ.ਡੀ. ਬਲਦੇਵ ਸਿੰਘ ਸਰਾਂ ਅਤੇ ਮੈਂਬਰਾਂ ਦੇ ਬਿਜਲੀ ਮੀਟਰਾਂ ਦੀ ਚੈਕਿੰਗ ਸਭ ਤੋਂ ਪਹਿਲਾਂ ਹੋਈ ਹੈ। ਇਸ ਮਗਰੋਂ ਐਨਫੋਰਸਮੈਂਟ ਦੇ ਅਫਸਰਾਂ ਦੇ ਬਿਜਲੀ ਮੀਟਰ ਚੈੱਕ ਕੀਤੇ ਗਏ ਹਨ। ਹੁਣ ਪੰਜਾਬ ਭਰ ਵਿਚ ਮੁੱਖ ਇੰਜੀਨੀਅਰਾਂ, ਨਿਗਰਾਨ ਇੰਜੀਨੀਅਰਾਂ, ਕਾਰਜਕਾਰੀ ਇੰਜੀਨੀਅਰਾਂ ਦੇ ਘਰਾਂ ਦੇ ਬਿਜਲੀ ਮੀਟਰ ਚੈੱਕ ਕੀਤੇ ਜਾ ਰਹੇ ਹਨ। ਜ਼ਿਲਾ ਮੋਗਾ ਵਿਚ ਇਹ ਚੈਕਿੰਗ ਚੱਲ ਰਹੀ ਹੈ। ਐਨਫੋਰਸਮੈਂਟ ਪਾਸੋਂ ਅਫਸਰਾਂ ਦੇ ਬਿਜਲੀ ਮੀਟਰ ਚੈੱਕ ਕੀਤੇ ਜਾ ਰਹੇ ਹਨ। ਪਾਵਰਕੌਮ ਦੇ ਸੀ.ਐੈੱਮ.ਡੀ. ਬਲਦੇਵ ਸਿੰਘ ਸਰਾਂ ਨੇ ਸਲਾਹ ਮਸ਼ਵਰੇ ਮਗਰੋਂ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਗਰਮੀਆਂ ਦੀ ਰੁੱਤ ਵਿਚ ਬਿਜਲੀ ਦੀ ਖਪਤ ਵਧ ਜਾਂਦੀ ਹੈ ਅਤੇ ਬਿਜਲੀ ਚੋਰੀ ਦੇ ਰੁਝਾਨ ਵਿਚ ਵੀ ਵਾਧਾ ਹੁੰਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪਾਵਰਕੌਮ ਦੇ ਅਹਿਮ ਅਫਸਰਾਂ ਡਾਇਰੈਕਟਰਾਂ/ਮੁੱਖ ਇੰਜੀਨੀਅਰਾਂ/ਨਿਗਰਾਨ ਇੰਜੀਨੀਅਰਾਂ/ਸੀਨੀਅਰ ਕਾਰਜਕਾਰੀ ਇੰਜੀਨੀਅਰਾਂ ਦੇ ਘਰਾਂ ਦੇ ਮੀਟਰਾਂ ਦੀ ਸੀਲਿੰਗ ਐਨਫੋਰਸਮੈਂਟ ਵੱਲੋਂ ਉਚੇਚੇ ਤੌਰ 'ਤੇ ਕੀਤੀ ਜਾਵੇ।
ਵੇਰਵਿਆਂ ਮੁਤਾਬਕ ਪਾਵਰਕੌਮ ਵਿਚ ਕਰੀਬ 35 ਹਜ਼ਾਰ ਮੁਲਾਜ਼ਮ ਹਨ ਅਤੇ ਕਰੀਬ 2500 ਅਫਸਰ ਹਨ। ਸਾਰੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਮੀਟਰ ਚੈੱਕ ਕਰਨ ਤੋਂ ਬਾਅਦ ਪਾਵਰਕੌਮ ਦੇ ਸੇਵਾਮੁਕਤ ਅਫਸਰਾਂ ਅਤੇ ਮੁਲਾਜ਼ਮਾਂ ਦੇ ਬਿਜਲੀ ਮੀਟਰ ਚੈੱਕ ਕੀਤੇ ਜਾਣਗੇ। ਇੱਥੋਂ ਤੱਕ ਕਿ ਪਾਵਰਕੌਮ ਨਾਲ ਜੁੜੇ ਠੇਕੇਦਾਰਾਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੇ ਘਰਾਂ ਦੇ ਬਿਜਲੀ ਮੀਟਰ ਵੀ ਚੈੱਕ ਕੀਤੇ ਜਾਣੇ ਹਨ। ਸੂਤਰਾਂ ਮੁਤਾਬਕ ਕੈਪਟਨ ਸਰਕਾਰ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਬਿਜਲੀ ਚੋਰੀ ਰੁਕਣ ਨਾਲ ਬਿਜਲੀ ਸਪਲਾਈ ਵਿਚ ਸੁਧਾਰ ਹੋਵੇਗਾ ਅਤੇ ਪਾਵਰਕੌਮ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।