ਪੁਲਸ ਦੀ ਕੁੱਟ-ਮਾਰ ਦੇ ਸ਼ਿਕਾਰ ਨੌਜਵਾਨ ਨੇ ਬਦਲੇ ਬਿਆਨ

06/05/2019 10:31:59 AM

ਬਠਿੰਡਾ(ਵਰਮਾ) : ਸੋਮਵਾਰ ਨੂੰ ਪੁਲਸ ਹਿਰਾਸਤ 'ਚ ਪੁਲਸ ਵੱਲੋਂ ਕੁੱਟ-ਮਾਰ ਦੇ ਸ਼ਿਕਾਰ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਸੀ, ਜਿਸ ਦਾ ਦੋਸ਼ ਚੌਕੀ ਪ੍ਰਮੁੱਖ ਕੌਰ ਸਿੰਘ 'ਤੇ ਲੱਗਾ ਸੀ, ਤੇ ਐੱਸ. ਐੱਸ. ਪੀ. ਬਠਿੰਡਾ ਨੇ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਸੀ। ਮੰਗਲਵਾਰ ਨੂੰ ਇਸ ਮਾਮਲੇ 'ਚ ਉਸ ਵੇਲੇ ਨਵਾਂ ਮੌੜ ਆਇਆ, ਜਦੋਂ ਪੀੜਤ ਨੇ ਜਾਂਚ ਦੌਰਾਨ ਪੁਲਸ ਨੂੰ ਕਿਹਾ ਕਿ ਉਹ ਅਚਾਨਕ ਡਿੱਗ ਗਿਆ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ ਤੇ ਗਰਦਨ ਦਾ ਮਣਕਾ ਹਿੱਲ ਗਿਆ ਸੀ। ਚੌਕੀ ਪ੍ਰਮੁੱਖ ਕੌਰ ਸਿੰਘ ਨੇ ਕੋਈ ਕੁੱਟ-ਮਾਰ ਨਹੀਂ ਕੀਤੀ ਸੀ। ਇਸਦੀ ਪੁਸ਼ਟੀ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਵੀ ਕੀਤੀ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਕਤ ਥਾਣੇਦਾਰ ਦੇ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤ ਦੇ ਭਰਾ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਠੀਕ ਆਉਣ 'ਤੇ ਉਨ੍ਹਾਂ ਦਾ ਥਾਣੇਦਾਰ ਨਾਲ ਸਮਝੌਤਾ ਹੋ ਗਿਆ ਹੈ, ਜਦੋਂ ਕਿ ਏ. ਐੱਸ. ਆਈ. ਨੇ ਅਪਣੀ ਗਲਤੀ ਵੀ ਮੰਨ ਲਈ ਹੈ।

ਪੀੜਤ ਮਨਵੀਰ ਸਿੰਘ ਨੇ ਬਿਆਨ ਦੇ ਕੇ ਸਪੱਸ਼ਟ ਕੀਤਾ ਕਿ ਉਸਦੇ ਨਾਲ ਕੁੱਟ-ਮਾਰ ਨਹੀਂ ਹੋਈ, ਸਗੋਂ ਪੈਰ ਫਿਸਲ ਗਿਆ ਸੀ, ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਅਤੇ ਉਸਦਾ ਇਲਾਜ ਫਰੀਦਕੋਟ ਮੈਡੀਕਲ ਕਾਲਜ 'ਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਪਿੰਡ ਨਵਾਂ ਕਿਲਾ ਵਾਸੀ ਮਨਵੀਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ਅਧੀਨ ਚੌਕੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਥਾਣੇਦਾਰ ਕੌਰ ਸਿੰਘ ਨੇ ਮਨਵੀਰ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ, ਜਿਸ ਦਾ ਨਿੱਜੀ ਹਸਪਤਾਲ 'ਚ ਇਲਾਜ ਕਰਵਾਇਆ ਤੇ ਬਾਅਦ ਵਿਚ ਉਸ ਨੂੰ ਫਰੀਦਕੋਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਸੀ। ਥਾਣੇਦਾਰ 'ਤੇ ਪੈਸੇ ਮੰਗਣ ਦੇ ਦੋਸ਼ ਲਾਏ ਸੀ, ਜਿਸ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਮਨਵੀਰ 'ਤੇ ਦੋਸ਼ ਸੀ ਕਿ ਉਹ ਪਿੰਡ ਮਹਿਮਾ ਦੀ ਇਕ ਵਿਆਹੁਤਾ ਨੂੰ ਭਜਾ ਕੇ ਲੈ ਗਿਆ ਸੀ, ਜਿਸਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਸਤੇ ਕਾਰਵਾਈ ਕੀਤੀ ਸੀ। ਪਿੰਡ ਨਵਾਂ ਕਿਲਾ ਦੀ ਪੰਚਾਇਤ ਮਨਵੀਰ ਨੂੰ ਪੁਲਸ ਸਾਹਮਣੇ ਪੇਸ਼ ਕੀਤਾ ਸੀ। ਪੀੜਤ ਦੇ ਭਰਾ ਗੁਰਪਿਆਰ ਸਿੰਘ ਨੇ ਪੁਲਸ ਚੌਕੀ ਪ੍ਰਮੁੱਖ 'ਤੇ ਕੁੱਟ-ਮਾਰ ਦੇ ਦੋਸ਼ ਲਾਏ ਸੀ।


cherry

Content Editor

Related News