ਜੇਲ ਤੋਂ ਜ਼ਿਆਦਾ ਹਪਸਤਾਲ ''ਚ ਦਿਨ ਕੱਟ ਰਿਹੈ ਭੰਗੂ

Tuesday, Mar 05, 2019 - 12:28 PM (IST)

ਜੇਲ ਤੋਂ ਜ਼ਿਆਦਾ ਹਪਸਤਾਲ ''ਚ ਦਿਨ ਕੱਟ ਰਿਹੈ ਭੰਗੂ

ਬਠਿੰਡਾ(ਵੈਬ ਡੈਸਕ)— ਪਰਲਜ਼ ਗਰੁੱਪ ਦਾ ਮਾਲਕ ਨਿਰਮਲ ਸਿੰਘ ਭੰਗੂ ਬਠਿੰਡਾ ਜੇਲ ਵਿਚ ਇਕ ਹਫਤਾ ਬਿਤਾ ਕੇ ਮੁੜ ਮੋਹਾਲੀ ਦੇ ਹਸਪਤਾਲ ਵਿਚ ਚੈਕਅੱਪ ਕਰਾਉਣ ਚਲਾ ਗਿਆ ਹੈ। ਜਾਣਕਾਰੀ ਮੁਤਾਬਕ ਨਿਰਮਲ ਸਿੰਘ ਭੰਗੂ ਕਾਫੀ ਸਮੇਂ ਤੋਂ ਬਾਅਦ 22 ਫਰਵਰੀ ਨੂੰ ਬਠਿੰਡਾ ਜੇਲ ਪੁੱਜਿਆ ਸੀ ਅਤੇ ਪਹਿਲੀ ਮਾਰਚ ਨੂੰ ਮੁੜ ਮੋਹਾਲੀ ਹਪਸਤਾਲ ਚਲਾ ਗਿਆ। ਦੱਸ ਦੇਈਏ ਕਿ ਬਠਿੰਡਾ ਪੁਲਸ ਦੇ 4 ਮੁਲਾਜ਼ਮ ਵੀ ਉਸ ਨਾਲ ਮੋਹਾਲੀ ਦੇ ਹਪਸਤਾਲ ਵਿਚ ਤਾਇਨਾਤ ਹਨ ਅਤੇ ਇਨ੍ਹਾਂ ਮੁਲਾਜ਼ਮਾਂ ਦਾ ਖਰਚਾ 45 ਲੱਖ ਰੁਪਏ ਸਲਾਨਾ ਹੈ। ਕੇਂਦਰੀ ਜੇਲ ਬਠਿੰਡਾ ਵਿਚ ਨਿਰਮਲ ਸਿੰਘ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਇਆ ਸੀ ਅਤੇ ਅਗਲੇ ਹੀ ਦਿਨ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਚਲਾ ਗਿਆ ਸੀ। ਮੋਹਾਲੀ ਹਸਤਪਾਲ ਦੇ ਵੀ.ਆਈ.ਪੀ. ਰੂਮ ਨੰਬਰ 309 ਵਿਚ ਰਹਿ ਕੇ ਭੰਗੂ ਆਪਣਾ ਇਲਾਜ ਕਰਾ ਰਿਹਾ ਹੈ। ਜਦੋਂ ਤੋਂ ਨਿਰਮਲ ਭੰਗੂ ਬਠਿੰਡਾ ਜੇਲ ਵਿਚ ਆਇਆ ਹੈ, ਉਦੋਂ ਤੋਂ ਹੁਣ ਤੱਕ ਉਸ ਦਾ ਹਵਾਲਾਤ ਦਾ ਸਮਾਂ 990 ਦਿਨ ਬਣਦਾ ਹੈ, ਜਿਸ ਵਿਚੋਂ ਉਸ ਨੇ 678 ਦਿਨ ਮੋਹਾਲੀ ਹਸਪਤਾਲ ਵਿਚ ਬਿਤਾਏ ਹਨ ਅਤੇ ਜੇਲ ਵਿਚ ਸਿਰਫ 312 ਦਿਨ ਹੀ ਕੱਟੇ ਹਨ।

ਦੱਸਣਯੋਗ ਹੈ ਕਿ ਥਾਣਾ ਥਰਮਲ ਬਠਿੰਡਾ ਵਿਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਹੋਰਾਂ ਖਿਲਾਫ ਧਾਰਾ 406, 420 ਤਹਿਤ ਕੇਸ ਦਰਜ ਹੋਇਆ ਸੀ। ਭੰਗੂ ਖਿਲਾਫ ਸੀ.ਬੀ.ਆਈ. ਨੇ 45 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਫਰਵਰੀ 2014 ਵਿਚ ਕੇਸ ਦਰਜ ਕੀਤਾ ਸੀ, ਜਿਸ ਸਬੰਧੀ ਉਹ ਤਿਹਾੜ ਜੇਲ ਵਿਚ ਬੰਦ ਸੀ। ਤਿਹਾੜ ਜੇਲ ਤੋਂ ਹੀ ਪੰਜਾਬ ਪੁਲਸ ਭੰਗੂ ਨੂੰ ਬਠਿੰਡਾ ਜੇਲ ਲੈ ਆਈ ਸੀ।

ਇਲਾਜ ਲਈ ਲਿਜਾਣਾ ਅਦਾਲਤ ਦੇ ਹੁਕਮ : ਜੇਲ ਮੰਤਰੀ
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਨਿਰਮਲ ਸਿੰਘ ਭੰਗੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇਲਾਜ ਲਈ ਰਾਹਤ ਮਿਲੀ ਹੋਈ ਹੈ, ਜਿਸ ਕਰਕੇ ਅਦਾਲਤੀ ਹੁਕਮਾਂ ਦੀ ਪਾਲਣਾ ਤਹਿਤ ਭੰਗੂ ਨੂੰ ਚੈਕਅੱਪ ਲਈ ਭੇਜਿਆ ਜਾਂਦਾ ਹੈ। ਸਰਕਾਰ ਪਾਸੋਂ ਕਿਸੇ ਖਾਸ ਨੂੰ ਅਜਿਹੀ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ।


author

cherry

Content Editor

Related News