ਪਾਸਪੋਰਟ ਬਣਾਉਣ ''ਚ ਬਠਿੰਡਾ ਜ਼ਿਲੇ ਨੇ ਪੰਜਾਬ ਦੇ ਬਾਕੀ ਜ਼ਿਲਿਆਂ ਨੂੰ ਛੱਡਿਆ ਪਿੱਛੇ

06/07/2019 1:09:43 PM

ਬਠਿੰਡਾ(ਵੈੱਬ ਡੈਸਕ) : ਨਵੇਂ ਪਾਸਪੋਰਟ ਬਣਾਉਣ 'ਚ ਬਠਿੰਡਾ ਜ਼ਿਲੇ ਨੇ ਪੰਜਾਬ ਦੇ ਬਾਕੀ ਜ਼ਿਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇੰਝ ਲੱਗ ਰਿਹਾ ਹੈ ਜਿਵੇਂ ਸਟੱਡੀ ਵੀਜ਼ੇ ਲੈਣ ਲਈ ਸਭ ਤੋਂ ਵੱਧ ਕਾਹਲਾ ਜ਼ਿਲ੍ਹਾ ਬਠਿੰਡਾ ਹੀ ਹੋਵੇ। ਦੱਸ ਦੇਈਏ ਕਿ ਇਕੱਲੇ ਬਠਿੰਡਾ ਜ਼ਿਲੇ 'ਚ ਹੁਣ ਔਸਤਨ ਸਵਾ ਸੌ ਨਵੇਂ ਪਾਸਪੋਰਟ ਪ੍ਰਤੀ ਦਿਨ ਬਣ ਰਹੇ ਹਨ ਜਦੋਂ ਕਿ ਸਾਲ 2018 ਵਿੱਚ ਪ੍ਰਤੀ ਦਿਨ ਔਸਤਨ 109 ਪਾਸਪੋਰਟ ਬਣਦੇ ਸਨ। ਪੰਜਾਬ ਪੁਲਸ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਮਾਲਵਾ ਖ਼ਿੱਤੇ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ ਸਾਲ 2016 ਮਗਰੋਂ ਤੇਜ਼ੀ ਨਾਲ ਵਧਿਆ ਹੈ।

ਬਠਿੰਡਾ ਜ਼ਿਲੇ ਵਿਚ ਸਾਲ 2014 ਤੋਂ ਫਰਵਰੀ 2019 ਤੱਕ 1.21 ਲੱਖ ਨਵੇਂ ਪਾਸਪੋਰਟ ਬਣੇ ਹਨ ਜਿਨ੍ਹਾਂ ਦੀ ਵੈਰੀਫਿਕੇਸ਼ਨ ਪੁਲਸ ਨੇ ਕੀਤੀ ਹੈ। ਇਸ ਕੈਲੰਡਰ ਵਰ੍ਹੇ ਦੇ ਪਹਿਲੇ ਡੇਢ ਮਹੀਨੇ 'ਚ 5627 ਨਵੇਂ ਪਾਸਪੋਰਟ ਬਣੇ ਹਨ, ਜਿਸ ਦਾ ਮਤਲਬ ਹੈ ਕਿ ਰੋਜ਼ਾਨਾ 125 ਪਾਸਪੋਰਟ ਬਣੇ ਹਨ। ਸਾਲ 2018 ਵਿਚ ਇਸ ਜ਼ਿਲੇ ਵਿਚ 39891 ਪਾਸਪੋਰਟ ਬਣੇ ਹਨ। ਲੰਘੇ 6 ਵਰ੍ਹਿਆਂ ਵਿਚ ਇਸ ਜ਼ਿਲੇ ਦੇ ਲੋਕਾਂ ਨੇ ਪਾਸਪੋਰਟ ਬਣਾਉਣ 'ਤੇ 18.15 ਕਰੋੜ ਰੁਪਏ ਖਰਚ ਕੀਤੇ ਹਨ। ਸਾਲ 2018 ਤੋਂ ਬਠਿੰਡਾ ਜ਼ਿਲੇ ਨੇ ਦੁਆਬੇ ਨੂੰ ਇਸ ਮਾਮਲੇ ਵਿਚ ਪਿਛਾਂਹ ਛੱਡ ਦਿੱਤਾ ਹੈ। ਨਵਾਂ ਸ਼ਹਿਰ ਵਿਚ ਇਸ ਕੈਲੰਡਰ ਵਰ੍ਹੇ ਦੇ ਡੇਢ ਮਹੀਨੇ ਵਿਚ 4148 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ 34315 ਪਾਸਪੋਰਟ ਬਣੇ ਸਨ ਜਦੋਂ ਕਿ ਬਠਿੰਡਾ ਜ਼ਿਲੇ ਵਿਚ 39891 ਬਣੇ ਹਨ। ਬਠਿੰਡਾ ਦੀ ਅਜੀਤ ਰੋਡ ਤਾਂ ਹੁਣ 'ਆਈਲੈੱਟਸ' ਦੀ ਰਾਜਧਾਨੀ ਬਣ ਗਈ ਹੈ। ਫਰੀਦਕੋਟ ਛੋਟਾ ਜ਼ਿਲਾ ਹੈ, ਜਿਥੇ ਸਾਲ 2014 ਤੋਂ 15 ਫਰਵਰੀ 2019 ਤੱਕ 75429 ਨਵੇਂ ਪਾਸਪੋਰਟ (ਸਮੇਤ ਰੀਨਿਊ) ਬਣੇ ਹਨ। ਪਿਛਲੇ 6 ਵਰ੍ਹਿਆਂ 'ਚ ਫਰੀਦਕੋਟ ਦੇ ਲੋਕਾਂ ਨੇ 11.16 ਕਰੋੜ ਰੁਪਏ ਨਵੇਂ ਪਾਸਪੋਰਟਾਂ ਦੀ ਇਕੱਲੀ ਫੀਸ ਤਾਰੀ ਹੈ। ਸਰਹੱਦੀ ਜ਼ਿਲਾ ਫਿਰੋਜ਼ਪੁਰ ਵੀ ਪਿੱਛੇ ਨਹੀਂ। 6  ਵਰ੍ਹਿਆਂ 'ਚ ਇਸ ਜ਼ਿਲੇ 'ਚ 86,129 ਪਾਸਪੋਰਟ ਬਣੇ ਹਨ। ਇਕੱਲੇ ਸਾਲ 2018 ਵਿਚ ਫਿਰੋਜ਼ਪੁਰ ਜ਼ਿਲੇ 'ਚ 28,868 ਪਾਸਪੋਰਟ ਬਣੇ ਹਨ। ਕੇਂਦਰ ਸਰਕਾਰ ਨੇ ਨਵੇਂ ਰੁਝਾਨ ਦੇ ਮੱਦੇਨਜ਼ਰ ਪੰਜਾਬ ਦੇ 8 ਸ਼ਹਿਰਾਂ ਵਿਚ 'ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ' ਖੋਲ੍ਹ ਦਿੱਤੇ ਹਨ ਜਿਨ੍ਹਾਂ ਵਿਚ ਬਠਿੰਡਾ, ਸੰਗਰੂਰ, ਪਟਿਆਲਾ, ਮੋਗਾ,ਤਰਨ ਤਾਰਨ, ਫਗਵਾੜਾ, ਨਵਾਂ ਸ਼ਹਿਰ ਤੇ ਗੁਰਦਾਸਪੁਰ ਸ਼ਾਮਲ ਹੈ।

ਪੇਂਡੂ ਮਾਲਵੇ 'ਚ ਕਾਹਲ ਵਧੀ: ਸੰਘਾ
ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਤੇ ਸੈਨੇਟ ਮੈਂਬਰ ਡਾ. ਐੱਸ.ਐੱਸ.ਸੰਘਾ ਦਾ ਪ੍ਰਤੀਕਰਮ ਸੀ ਕਿ ਪੇਂਡੂ ਮਾਲਵੇ 'ਚ ਹੁਣ ਵਿਦੇਸ਼ ਪੜ੍ਹਾਈ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਪਾਸਪੋਰਟਾਂ ਦੇ ਅੰਕੜੇ 'ਚ ਇਜ਼ਾਫਾ ਇਸੇ ਵਜ੍ਹਾ ਕਰਕੇ ਹੈ। ਜਵਾਨੀ ਸਟੱਡੀ ਵੀਜ਼ੇ 'ਚੋਂ ਭਵਿੱਖ ਤਲਾਸ਼ਣ ਲੱਗੀ ਹੈ ਅਤੇ ਮਾਪਿਆਂ ਨੂੰ ਵੀ ਹੁਣ ਇਸ ਵਿਚੋਂ ਹੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ।


cherry

Content Editor

Related News