ਜੱਗ ਜ਼ਾਹਰ ਹੈ ਕਿ ਦਿੱਲੀ ਸਿੱਖ ਕਤਲੇਆਮ ''ਚ ਕਾਂਗਰਸ ਸਿੱਧੇ ਤੌਰ ''ਤੇ ਸੀ ਸ਼ਾਮਲ : ਬਾਦਲ
Monday, May 13, 2019 - 10:31 AM (IST)
ਬਠਿੰਡਾ (ਬਲਵਿੰਦਰ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਲੋਕ ਸਭਾ ਹਲਕਾ ਬਠਿੰਡਾ ਦੇ ਅਕਾਲੀ-ਭਾਜਪਾ ਉਮੀਦਵਾਰ ਅਤੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਪੱਖ 'ਚ ਚੋਣ ਪ੍ਰਚਾਰ ਕਰਦਿਆਂ ਦਰਜਨ ਭਰ ਪਿੰਡਾਂ ਦੀਆਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਸਵਾ ਦੋ ਸਾਲ ਤੋਂ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਲੱਗੀ ਹੈ। ਵਿਕਾਸ ਕੰਮਾਂ ਨੂੰ ਰੋਕ ਕੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਖ਼ਜ਼ਾਨਾ ਖਾਲੀ ਹੈ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਕਾਂਗਰਸ ਪੰਜਾਬ ਦਾ ਵਿਕਾਸ ਕਰਵਾਉਣਾ ਹੀ ਨਹੀਂ ਚਾਹੁੰਦੀ। ਇਸ ਦਾ ਸਬੂਤ ਪਿਛਲੇ 20 ਸਾਲ ਵਿਚ ਕਾਂਗਰਸ ਵੱਲੋਂ ਪੰਜਾਬ ਨਾਲ ਕੀਤੇ ਸੌਤੇਲੇਪਣ ਤੋਂ ਮਿਲਦਾ ਹੈ।
ਕਾਂਗਰਸੀ ਇਕ ਵੀ ਅਜਿਹਾ ਪ੍ਰਾਜੈਕਟ ਪੰਜਾਬ 'ਚ ਨਹੀਂ ਲਿਆ ਸਕੇ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇਸ ਤੋਂ ਉਲਟ ਵਿਧਾਨ ਸਭਾ ਚੋਣਾਂ 'ਚ ਝੂਠ ਬੋਲ ਕੇ ਵੱਡੇ-ਵੱਡੇ ਦਾਅਵੇ ਕੀਤੇ, ਇਸ 'ਚ ਅੱਜ ਤਕ ਇਕ ਵੀ ਵਾਅਦਾ ਕਾਂਗਰਸੀ ਪੂਰਾ ਨਹੀਂ ਕਰ ਸਕੇ ਹਨ। ਦੂਜੇ ਪਾਸੇ ਅਸੀਂ 10 ਸਾਲ ਤਕ ਸਰਕਾਰ 'ਚ ਹੁੰਦੇ ਬਠਿੰਡਾ ਲਈ ਫ਼ੰਡ ਦੀ ਕਮੀ ਨਹੀਂ ਆਉਣ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਅਰਪੋਰਟ, ਫੋਰ ਲੇਨ ਪ੍ਰਾਜੈਕਟ, ਏਮਜ਼ ਸਹਿਤ ਦਰਜਨਾਂ ਪ੍ਰਾਜੈਕਟ ਬਠਿੰਡਾ 'ਚ ਸ਼ੁਰੂ ਕਰਵਾਏ। ਹੁਣ ਕਾਂਗਰਸੀ ਕਿਸ ਮੂੰਹ ਨਾਲ ਲੋਕਾਂ ਕੋਲੋਂ ਵੋਟ ਮੰਗਣ ਜਾ ਰਹੇ ਹਨ। ਇਹੀ ਕਾਰਨ ਹੈ ਕਿ ਆਪਣੀ ਹਾਰ ਤੋਂ ਬੌਖਲਾਹਟ ਵਿਚ ਆ ਕੇ ਕਾਂਗਰਸੀ ਹੁਣ ਧੱਕੇਸ਼ਾਹੀ 'ਤੇ ਉੱਤਰ ਆਏ ਹਨ।
ਉਨ੍ਹਾਂ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕੰਮਾਂ 'ਤੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਗੱਲਬਾਤ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹੁਣ ਤੈਅ ਹੈ ਕਿ ਬਠਿੰਡਾ ਵੱਲੋਂ ਬੀਬੀ ਬਾਦਲ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕਰੇਗੀ। ਸੰਨ1984 ਵਿਚ ਹੋਏ ਸਿੱਖ ਕਤਲੇਆਮ ਬਾਰੇ ਕਿਹਾ ਕਿ ਇਹ ਕਤਲੇਆਮ ਰਾਜੀਵ ਗਾਂਧੀ ਦੇ ਸਮੇਂ ਹੋਇਆ ਅਤੇ ਇਸ ਦੀ ਵਜ੍ਹਾ ਕੌਣ ਹੈ, ਇਹ ਸਾਰਿਆਂ ਨੂੰ ਪਤਾ ਹੈ। ਇਸ ਮਾਮਲੇ ਵਿਚ ਕਾਂਗਰਸੀ ਸੱਜਣ ਕੁਮਾਰ ਦੱਸ ਸਕਦੇ ਹਨ ਕਿ ਸਿੱਖ ਕਤਲੇਆਮ ਕਿਸ ਨੇ ਕਰਵਾਇਆ। ਉਸ ਸਮੇਂ ਕਾਂਗਰਸ ਦੀ ਅਗਵਾਈ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਦੇ ਹੱਥਾਂ 'ਚ ਆ ਗਈ ਸੀ। ਹੁਣ ਕਾਂਗਰਸੀ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਮਾਮਲੇ 'ਚ ਦੋਸ਼ੀ ਨਹੀਂ ਹੈ। ਕਾਂਗਰਸੀਆਂ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਅਤੇ ਕਾਂਗਰਸੀਆਂ ਨੇ ਹੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ। ਬਾਦਲ ਨੇ ਕਿਹਾ ਕਿ ਅੱਜਕੱਲ ਇਹ ਜੋ ਨਵੀਆਂ-ਨਵੀਆਂ ਪਾਰਟੀਆਂ ਅਤੇ ਮਹਾਗਠਬੰਧਨ ਬਣਾ ਰਹੇ ਹਨ। ਇਨ੍ਹਾਂ ਦਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕ ਹੀ ਮਾਂ ਪਾਰਟੀ ਹੈ, ਤੇ ਉਹ ਹੈ ਸ਼੍ਰੋਮਣੀ ਅਕਾਲੀ ਦਲ। ਇਨ੍ਹਾਂ ਚੋਣਾਂ 'ਚ ਅਕਾਲੀ-ਭਾਜਪਾ ਉਮੀਦਵਾਰ 13 ਦੀਆਂ 13 ਸੀਟਾਂ 'ਤੇ ਕਾਮਯਾਬ ਰਹਿਣਗੇ।
ਪ੍ਰਿਯੰਕਾ ਗਾਂਧੀ ਵੱਲੋਂ 14 ਮਈ ਨੂੰ ਬਠਿੰਡਾ 'ਚ ਕੀਤੇ ਜਾ ਰਹੇ ਰੋਡ ਸ਼ੋਅ ਬਾਰੇ ਪੁੱਛਣ 'ਤੇ ਬਾਦਲ ਨੇ ਕਿਹਾ ਕਿ ਸੜਕਾਂ 'ਤੇ ਦਿਖਾਵਾ ਕਰਨ ਲਈ ਕੁਝ ਨਹੀਂ ਹੁੰਦਾ, ਸਗੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਪੈਂਦੇ ਹਨ। ਲੋਕ ਲੀਡਰਾਂ ਨੂੰ ਦੇਖਣ ਦੀ ਬਜਾਏ ਵਿਕਾਸ ਚਾਹੁੰਦੇ ਹਨ। ਇਸ ਮੌਕੇ ਬਾਦਲ ਦੇ ਸਿਆਸੀ ਸਲਾਹਕਾਰ ਮੇਜਰ ਭੁਪਿੰਦਰ ਸਿੰਘ ਢਿੱਲੋਂ, ਜਗਮੀਤ ਸਿੰਘ ਬਰਾੜ , ਅਮਿਤ ਰਤਨ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ, ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਹਾਜ਼ਰ ਰਹੇ।