ਕ੍ਰਾਈਮ ਦਾ ਅੱਡਾ ਬਣਦੀਆਂ ਜਾ ਰਹੀਆਂ ਹਨ ਅੱਜ ਕੱਲ ਦੀਆਂ ਮਾਡਰਨ ਜੇਲਾਂ

03/01/2020 12:45:37 PM

ਬਠਿੰਡਾ (ਵਰਮਾ) - ਅਪਰਾਧੀਆਂ ਨੂੰ ਸਮਾਜ ਨਾਲ ਜੋੜਨ ਲਈ ਜੇਲਾਂ ਨੂੰ ਸੁਧਾਰ ਘਰ ਦਾ ਨਾਂ ਦਿੱਤਾ ਗਿਆ ਸੀ। ਕੈਦੀ ਸੁਧਰਨ ਦੀ ਥਾਂ ਜਦੋਂ ਜ਼ਿਆਦਾ ਕ੍ਰੀਮੀਨਲ ਹੋ ਗਏ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਮਾਡਰਨ ਜੇਲਾਂ ਦੀ ਸਥਾਪਨਾ ਕੀਤੀ, ਜਿਸ ’ਚ ਕੈਦੀਆਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ’ਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਦੀਆਂ ਸਾਰੀਆਂ ਸੁਧਾਰ ਯੋਜਨਾਵਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ, ਕਿਉਂਕਿ ਸਾਰੀਆਂ ਮਾਡਰਨ ਜੇਲਾਂ ਹੁਣ ਕ੍ਰਾਈਮ ਦਾ ਅੱਡਾ ਬਣਦੀਆਂ ਜਾ ਰਹੀਆਂ ਹਨ। ਜੇਲਾਂ ’ਚ ਮੋਬਾਇਲ ਅਤੇ ਨਸ਼ਾ ਮਿਲਣਾ ਆਮ ਗੱਲ ਹੈ, ਜਦਕਿ ਹੁਣ ਤਾਂ ਗੈਂਗਵਾਰ ਵੀ ਹੋਣ ਲੱਗੀਆਂ ਹਨ। ਇਹ ਹੀ ਨਹੀਂ ਜੇਲਾਂ ’ਚ ਬੈਠੇ ਬਦਮਾਸ਼ ਅਮੀਰਾਂ ਨੂੰ ਧਮਕਾ ਉਨ੍ਹਾਂ ਤੋਂ ਫਿਰੌਤੀ ਵਸੂਲ ਰਹੇ ਹਨ। ਹੱਦ ਤਾਂ ਉਸ ਵੇਲੇ ਹੋ ਗਈ, ਜਦੋਂ ਜੇਲ ਅੰਦਰ ਪਿਸਤੌਲ ਚਲੀ ਗਈ ਅਤੇ ਇਕ ਕੈਦੀ ਨੂੰ ਗੋਲੀ ਮਾਰ ਦਿੱਤੀ।

ਜੇਲਾਂ ਦੀ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਜੇਲਾਂ ਦੀ ਸੁਰੱਖਿਆ ਸੀ. ਆਰ. ਪੀ. ਦੇ ਹਵਾਲੇ ਕਰਨ ਦਾ ਫੈਸਲਾ ਲਿਆ, ਜਿਨ੍ਹਾਂ ’ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ। ਬਾਵਜੂਦ ਇਸਦੇ ਜੇਲਾਂ ’ਚ ਕ੍ਰਾਈਮ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜੇਲਾਂ ’ਚ ਕੁਝ ਅਜਿਹੇ ਕੈਦੀ ਵੀ ਹਨ, ਜੋ ਬਾਹਰ ਦੀ ਦੁਨੀਆ ਦੇਖਣਾ ਨਹੀਂ ਚਾਹੁੰਦੇ ਅਤੇ ਜੇਲ ’ਚ ਰਹਿਣ ਪਸੰਦ ਕਰਦੇ ਹਨ। ਇਸ ਲਈ ਉਹ ਜੇਲ ’ਚ ਕੋਈ ਨਾ ਕੋਈ ਕ੍ਰਾਈਮ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਜ਼ਾ ਵਧਦੀ ਰਹਿੰਦੀ ਹੈ। ਮੰਨਿਆ ਜਾਵੇ ਤਾਂ ਜੇਲ ਕ੍ਰਾਈਮ ਦਾ ਅੱਡਾ ਬਣਦਾ ਜਾ ਰਿਹਾ, ਕਿਉਂਕਿ ਖਤਰਨਾਕ ਅਪਰਾਧੀ ਜੇਲ ’ਚ ਬੈਠੇ ਫੋਨ ਰਾਹੀਂ ਆਪਣਾ ਨੈੱਟਵਰਕ ਜਾਰੀ ਰੱਖੇ ਹੋਏ ਹਨ। ਸੁਰੱਖਿਆ ਏਜੰਸੀਆਂ ਉਸ ਵੇਲੇ ਹੈਰਾਨ ਹੋ ਗਈਆਂ, ਜਦੋਂ ਜੇਲ ’ਚ ਬੈਠੇ ਗੈਂਗਸਟਰ ਨੇ ਫੇਸਬੁੱਕ ’ਤੇ ਆਪਣੀ ਫੋਟੋ ਅਪਲੋਡ ਕਰ ਦਿੱਤੀ। ਇਥੋਂ ਤੱਕ ਕਿ ਜਨਮ ਦਿਨ ਦਾ ਕੇਕ ਵੀ ਕੱਟਿਆ, ਜਿਸਦੀ ਫੋਟੋ ਤਕ ਵਾਇਰਲ ਹੋ ਗਈ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਜੇਲ ’ਚ ਬੈਠੇ ਬਦਮਾਸ਼ ਨੇ ਫੋਨ ਰਾਹੀਂ ਫਿਰੌਤੀ ਮੰਗੀ, ਜਿਸ ਦਾ ਖੁਲਾਸਾ ਹੁੰਦੇ ਜੇਲ ਪ੍ਰਸ਼ਾਸਨ ਦੇ ਹੱਥ-ਪੈਰ ਫੁਲ ਗਏ।

50 ਦਿਨਾਂ ’ਚ 30 ਦੇ ਕਰੀਬ ਮੋਬਾਇਲ ਹੋ ਚੁੱਕੇ ਹਨ ਬਰਾਮਦ
ਬਠਿੰਡਾ ਦੀ ਹਾਈ ਸਕਿਓਰਿਟੀ ਜ਼ੋਨ ਜੇਲ ਨੂੰ ਮਾਡਰਨ ਜੇਲ ਦਾ ਦਰਜਾ ਦਿੱਤਾ ਗਿਆ, ਜਿਸ ਦੇ ਨਿਰਮਾਣ ’ਤੇ ਡੇਢ ਸੌ ਕਰੋੜ ਖਰਚ ਕੀਤੇ ਗਏ ਅਤੇ ਇਸ ਨੂੰ ਆਧੁਨਿਕ ਯੰਤਰਾਂ ਨਾਲ ਲੈਸ ਕੀਤਾ ਗਿਆ। 5 ਸਾਲ ਪਹਿਲਾਂ ਬਣੀ ਇਸ ਜੇਲ ’ਚ 3 ਹਜ਼ਾਰ ਕੈਦੀਆਂ ਦੀ ਸਮਰੱਥਾ ਹੈ ਪਰ ਇਸ ਵੇਲੇ 1700-1800 ਕੈਦੀ ਬੰਦ ਹਨ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਆਧੁਨਿਕ ਜੇਲਾਂ ’ਚ ਪੱਤਾ ਵੀ ਨਹੀਂ ਹਿੱਲਣ ਦਿੱਤਾ ਜਾਵੇਗਾ ਪਰ ਜੇਲ ’ਚ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 50 ਦਿਨਾਂ ’ਚ ਲਗਭਗ 30 ਮੋਬਾਇਲ ਬਰਾਮਦ ਕੀਤੇ ਗਏ। 18 ਫਰਵਰੀ ਨੂੰ ਜੇਲ ਪ੍ਰਸ਼ਾਸਨ ਨੇ ਬਦਮਾਸ਼ਾਂ ਤੋਂ 4 ਮੋਬਾਇਲ ਬਰਾਮਦ ਕੀਤੇ। ਫਰਵਰੀ ’ਚ 15 ਮੋਬਾਇਲ, ਜਦਕਿ ਜਨਵਰੀ ’ਚ 17 ਫੋਨ ਬਰਾਮਦ ਹੋਏ। ਜੇਲ ’ਚ ਵੱਡੀ ਗਿਣਤੀ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਕੈਦੀ ਲਗਾਤਾਰ ਮੋਬਾਇਲ ਦਾ ਪ੍ਰਯੋਗ ਕਰ ਰਹੇ ਹਨ।

ਕੈਦੀ ਵੱਖ-ਵੱਖ ਢੰਗਾਂ ਨਾਲ ਮੋਬਾਇਲ ਮੰਗਵਾਉਣ ’ਚ ਹੋ ਜਾਂਦੇ ਹਨ ਸਫਲ : ਜੇਲ ਸੁਪਰਡੈਂਟ
ਜੇਲ ਸੁਪਰਡੈਂਟ ਮਨਜੀਤ ਸਿੰਘ ਨੇ ਕਿਹਾ ਕਿ ਕੈਦੀਆਂ ਕੋਲੋਂ ਮੋਬਾਇਲ ਬਰਾਮਦ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਹੈ। ਬਾਵਜੂਦ ਇਸਦੇ ਉਹ ਵੱਖ-ਵੱਖ ਢੰਗਾਂ ਨਾਲ ਜੇਲ ’ਚ ਮੋਬਾਇਲ ਮੰਗਵਾਉਣ ’ਚ ਸਫਲ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਲ ਦੀਆਂ ਕੰਧਾਂ 18 ਫੁੱਟ ਉੱਚੀਆਂ ਹਨ। ਉਥੋਂ ਮੋਬਾਇਲ ਸੁੱਟਣਾ ਨਾਮੁਮਕਿਨ ਹੈ। ਸ਼ੁੱਕਰਵਾਰ ਨੂੰ ਇਕ ਕੈਦੀ ਫੋਨ ’ਤੇ ਗੱਲ ਕਰ ਰਿਹਾ ਸੀ, ਜਿਸ ਨੂੰ ਹਾਈ ਸਕਿਓਰਿਟੀ ਜ਼ੋਨ ਕੈਮਰੇ ’ਚ ਦੇਖਿਆ ਗਿਆ। ਉਸ ਵੇਲੇ ਡੀ. ਐੱਸ. ਪੀ. ਨੂੰ ਭੇਜ ਕੇ ਮੋਬਾਇਲ ਫੜ ਲਿਆ ਅਤੇ ਗੁੱਸੇ ਹੋਏ ਕੈਦੀਆਂ ਨੇ ਕੈਮਰੇ ਨੂੰ ਤੋੜ ਦਿੱਤਾ ਅਤੇ ਉਸਦੀ ਸਪਲਾਈ ਕੱਟ ਦਿੱਤੀ। ਜੇਲ ’ਚ 26-27 ਹਾਈਕੋਰ ਕੈਦੀ ਬੰਦ ਹਨ, ਜੋ ਜੇਲ ਦਾ ਮਾਹੌਲ ਖਰਾਬ ਕਰਦੇ ਹਨ। ਜੇਲ ’ਚ 65-70 ਔਰਤ ਕੈਦੀ ਵੀ ਬੰਦ ਹਨ, ਜਿਨ੍ਹਾਂ ਨੂੰ ਵੱਖ ਜੇਲ ’ਚ ਰੱਖਿਆ ਜਾਂਦਾ ਹੈ।

ਕੇਂਦਰ ਦੀ ਸੀ. ਆਰ. ਪੀ. ਐੱਫ. ਸੁਰੱਖਿਆ ਯੋਜਨਾ ਹੋਈ ਫਲਾਪ
ਸੁਰੱਖਿਆ ਨੂੰ ਲੈ ਕੇ 27 ਨਵੰਬਰ 2019 ਨੂੰ ਕੇਂਦਰੀ ਜੇਲ ਬਠਿੰਡਾ ’ਚ ਸੀ. ਆਰ. ਪੀ. ਦੀ ਇਕ ਬਟਾਲੀਅਨ ਜਿਸ ’ਚ ਲਗਭਗ 90 ਅਰਧ ਸੈਨਿਕ ਬਲ ਦੇ ਜਵਾਨ ਸ਼ਾਮਲ ਹਨ, ਨੂੰ ਜੇਲ ਦੀਆਂ ਵੱਖ-ਵੱਖ ਖੇਤਰਾਂ ’ਚ ਤਾਇਨਾਤ ਕੀਤਾ ਗਿਆ ਹੈ। ਮੁੱਖ ਗੇਟ ਸੀ. ਆਰ. ਪੀ. ਹਵਾਲੇ ਹਨ, ਜਿਸ ’ਚ ਹਰ ਵਿਅਕਤੀ ਦੀ ਤਲਾਸ਼ੀ ਮਗਰੋਂ ਉਸ ਨੂੰ ਅੰਦਰ ਆਉਣ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਜੇਲ ਸਟਾਫ ਦੀ ਵੀ ਤਲਾਸ਼ੀ ਲਈ ਜਾਂਦੀ ਹੈ, ਜਿਸ ’ਚ ਛੋਟੇ-ਵੱਡੇ ਕਿਸੇ ਅਧਿਕਾਰੀ ਨੂੰ ਨਹੀਂ ਛੱਡਿਆ ਜਾਂਦਾ। ਹਾਈ ਸਕਿਓਰਿਟੀ ਜ਼ੋਨ ਦੀ ਸੁਰੱਖਿਆ ਸੀ. ਆਰ. ਪੀ. ਹਵਾਲੇ ਹੈ, ਜਿਸ ’ਚ ਲਗਭਗ 27 ਖਤਰਨਾਕ ਅਪਰਾਧੀ ਹਨ, ਜਿਨ੍ਹਾਂ ’ਚ ਗੈਂਗਸਟਰ ਦੀ ਗਿਣਤੀ ਸਭ ਤੋਂ ਵੱਧ ਹੈ। ਹਵਾਲਾਤੀਆਂ ਦੀ ਬੈਰਕ ਜੇਲ ਦੇ ਟਾਵਰਾਂ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਪੁਲਸ ਅਤੇ ਹੋਮਗਾਰਡ ਹਵਾਲੇ ਹਨ। ਕੈਦੀਆਂ ਨੂੰ ਨਸ਼ਾ ਅਤੇ ਮੋਬਾਇਲ ਸਮੇਤ ਹੋਰ ਸਾਮਾਨ ਪਹੁੰਚਾਉਣ ਲਈ ਜੇਲ ਕਰਮਚਾਰੀਆਂ ’ਤੇ ਸਵਾਲ ਉਠ ਰਹੇ ਹਨ। ਇਥੋਂ ਤੱਕ ਕਿ ਜੇਲ ਦੇ ਸਹਾਇਕ ਸਮੇਤ ਕਾਂਸਟੇਬਲ ਨੂੰ ਰੰਗੇ ਹੱਥੀਂ ਫੜਿਆ, ਜੋ 20 ਹਜ਼ਾਰ ਰੁਪਏ ’ਚ ਜਲੰਧਰ ਦੇ ਬਦਮਾਸ਼ ਰਾਹੁਲ ਸੂਦ ਨੂੰ ਮੋਬਾਇਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਬਦਮਾਸ਼ ਤੋਂ 1 ਮਹੀਨੇ ’ਚ 2 ਮੋਬਾਇਲ ਬਰਾਮਦ ਹੋਏ ਸੀ।

ਠੰਡੇ ਬਸਤੇ ’ਚ ਪਈ ਜੈਮਰ ਲਾਉਣ ਦੀ ਯੋਜਨਾ
ਜੇਲਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਬੰਦ ਕੈਦੀਆਂ ਵਲੋਂ ਜੇਲ ’ਚੋਂ ਮੋਬਾਇਲ ਇਸਤੇਮਾਲ ਕਰਨ ’ਤੇ ਪਾਬੰਦੀ ਲਾਉਣ ਲਈ ਸਰਕਾਰ ਨੇ ਜੇਲਾਂ ’ਚ ਜੈਮਰ ਲਾਉਣ ਦੀ ਯੋਜਨਾ ਤਿਆਰ ਕੀਤੀ ਸੀ, ਜੋ ਹੁਣ ਠੰਡੇ ਬਸਤੇ ’ਚ ਹੈ। ਜੇਕਰ ਜੇਲ ’ਚ ਜੈਮਰ ਲਾ ਦਿੱਤੇ ਗਏ ਤਾਂ ਸਾਰੀ ਸੰਚਾਰ ਵਿਵਸਥਾ ਪ੍ਰਭਾਵਿਤ ਹੋਵੇਗੀ, ਜਿਸ ਨਾਲ ਇੰਟਰਨੈੱਟ ’ਤੇ ਅਸਰ ਪਵੇਗਾ। ਜੇਲ ਪ੍ਰਸ਼ਾਸਨ ਅਤੇ ਕੈਦੀ ਜੈਮਰ ਲਾਉਣ ਨਾਲ ਮੋਬਾਇਲ ਦਾ ਪ੍ਰਯੋਗ ਨਹੀਂ ਕਰ ਸਕਦੇ ਹਨ ਪਰ ਸਰਕਾਰ ਨੇ ਪਹਿਲਾਂ ਤਾਂ ਇਹ ਯੋਜਨਾ ਬਣਾਈ ਪਰ ਹੁਣ ਇਹ ਯੋਜਨਾ ਧਰੀ ਦੀ ਧਰੀ ਰਹਿ ਗਈ। ਇਸ ’ਤੇ ਕੋਈ ਬੋਲਣ ਨੂੰ ਤਿਆਰ ਨਹੀਂ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ’ਚ 25 ਕਰੋੜ ਰੁਪਏ ਜੇਲਾਂ ਲਈ ਰੱਖਿਆ ਗਿਆ। ਇਹ ਬਜਟ ਸਿਰਫ ਬਾਡੀ ਸਕੈਨਰ, ਸੀ. ਸੀ. ਟੀ. ਵੀ. ਕੈਮਰੇ ਅਤੇ ਜੈਮਰ ਲਈ ਰੱਖੇ ਹਨ ਪਰ ਜੈਮਰ ਕਦੋਂ ਲੱਗਣਗੇ ਕਿਸੇ ਨੂੰ ਪਤਾ ਨਹੀਂ।  
 


rajwinder kaur

Content Editor

Related News