ਪੰਜਾਬ ''ਚ ਸਭ ਤੋਂ ''ਮਹਿੰਗੀ'' ਹੋਵੇਗੀ ਬਠਿੰਡਾ ਦੀ ਲੋਕ ਸਭਾ ਚੋਣ!

05/07/2019 1:20:48 PM

ਬਠਿੰਡਾ(ਵੈੱਬ ਡੈਸਕ) : ਇਸ ਵਾਰ ਸੱਟਾ ਬਾਜ਼ਾਰ ਵਿਚ ਸਭ ਤੋਂ ਵੱਧ ਸੱਟਾ ਬਠਿੰਡਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਸੀਟ 'ਤੇ ਲੱਗ ਰਿਹਾ ਹੈ। ਮੋਟੇ ਅੰਦਾਜ਼ੇ ਮੁਤਾਬਕ ਇਕੋ-ਇਕ ਬਠਿੰਡਾ ਹਲਕੇ ਵਿਚ ਕਰੀਬ 100 ਕਰੋੜ ਦਾ ਸੱਟਾ ਲੱਗਣ ਦੇ ਚਰਚੇ ਹਨ। ਪਿਛਲੇ ਕਈ ਦਿਨਾਂ ਤੋਂ ਸੱਟਾ ਬਾਜ਼ਾਰ ਵਿਚ ਬਠਿੰਡਾ ਸੀਟ ਨੂੰ ਲੈ ਕੇ ਭਾਅ ਵੱੱਧ ਚੱਲਿਆ ਹੈ। ਰੋਜ਼ਾਨਾ 2 ਵਾਰ ਸੱਟਾ ਬਾਜ਼ਾਰ ਅਨੁਮਾਨ ਜਾਰੀ ਕਰ ਰਿਹਾ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਤੋਂ ਬਾਹਰੀ ਕਲੋਨੀ ਵਿਚ ਇਕ ਮੁੱਖ ਸਿਆਸੀ ਧਿਰ ਨੇ ਵੋਟਾਂ ਦੀ ਖਰੀਦੋ-ਫਰੋਖਤ ਬਾਰੇ ਰਣਨੀਤੀ ਬਣਾਈ ਹੈ। ਬਠਿੰਡਾ ਸ਼ਹਿਰ ਦੇ ਸਲੱਮ ਇਲਾਕਿਆਂ ਵਿਚ ਵੋਟ ਦਾ ਮੁੱਲ ਵੀ ਕੱਢਿਆ ਗਿਆ ਹੈ। ਫਿਲਹਾਲ ਇਸ ਪੜਾਅ 'ਤੇ ਵਾਰਡਾਂ ਅਤੇ ਪਿੰਡਾਂ ਵਿਚ ਵਿਕਾਊ ਵੋਟ ਦੀ ਪਛਾਣ ਕਰਨ ਅਤੇ ਅਜਿਹੀਆਂ ਵੋਟ ਦੀਆਂ ਸੂਚੀਆਂ ਤਿਆਰ ਕਰਨ ਦੇ ਹੁਕਮ ਹੋਏ ਹਨ। ਸੂਤਰ ਦੱਸਦੇ ਹਨ ਕਿ ਸਿਆਸੀ ਮੈਚ ਜ਼ਿਆਦਾ ਫਸਿਆ ਤਾਂ ਵੋਟ ਦਾ ਭਾਅ 5 ਹਜ਼ਾਰ ਰੁਪਏ ਤੱਕ ਵੀ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ 'ਘਰ ਵਾਪਸੀ' ਵਾਲੇ ਕੁੱਝ ਆਗੂਆਂ ਦੀ ਜੇਬ ਵੀ ਗਰਮ ਕੀਤੀ ਗਈ ਹੈ।

PunjabKesari

ਬਠਿੰਡਾ ਅਤੇ ਮਾਨਸਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦਾ ਪਿਛਲੇ ਸਮੇਂ ਦੌਰਾਨ ਹੱਥ ਉਪਰ ਰਿਹਾ ਹੈ। ਲੋਕ ਸਭਾ 2014 ਦੀ ਚੋਣ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਅਤੇ ਮਾਨਸਾ ਸ਼ਹਿਰ ਵਿਚੋਂ ਵੱਡਾ ਸਿਆਸੀ ਝਟਕਾ ਲੱਗਿਆ ਸੀ। ਇਸੇ ਡਰੋਂ ਹੁਣ ਬਠਿੰਡਾ ਅਤੇ ਮਾਨਸਾ ਸ਼ਹਿਰ 'ਤੇ ਸਭ ਤੋਂ ਵੱਧ ਜ਼ੋਰ ਅਕਾਲੀਆਂ ਨੇ ਦਿੱਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਬਠਿੰਡਾ ਹਲਕੇ ਵਿਚ ਮੁਕਾਬਲਾ ਕਾਫੀ ਸਖ਼ਤ ਬਣ ਗਿਆ ਹੈ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿਚ ਆਪਣੇ ਖਾਸ ਬੰਦਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਉਧਰ ਕਾਂਗਰਸ ਪਾਰਟੀ ਵੀ ਅੰਦਰੋਂ ਅੰਦਰੀਂ ਪੈਸੇ ਨਾਲ ਟੱਕਰ ਕਰਨ ਦੀ ਤਿਆਰੀ ਕਰ ਰਹੀ ਹੈ।


cherry

Content Editor

Related News