ਚੋਣ ਅਖਾੜੇ ''ਚ ਇਸ ਵਾਰ ''ਪੈਰਾਸ਼ੂਟ'' ਰਾਹੀਂ ਉਤਰੇ ਉਮੀਦਵਾਰ

04/25/2019 12:58:54 PM

ਬਠਿੰਡਾ(ਵੈੱਬ ਡੈਸਕ) : ਲੋਕ ਸਭਾ ਚੋਣਾਂ ਦੌਰਾਨ ਹਰ ਲੋਕ ਸਭਾ ਹਲਕੇ ਵਿਚ ਅਕਸਰ 'ਅੰਦਰਲੇ ਬਾਹਰਲੇ' ਲੋਕਾਂ ਦਾ ਰੌਲਾ ਪੈਂਦਾ ਹੀ ਹੈ ਅਤੇ ਇਸ ਵਾਰ ਵੀ ਪੈ ਰਿਹਾ ਹੈ। ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਜਪਾ ਵੱਲੋਂ ਇਸ ਵਾਰ ਪੰਜਾਬ ਦੇ ਸਿਆਸੀ ਹੈਲੀਪੈਡ 'ਤੇ ਕਰੀਬ 55 ਫੀਸਦੀ 'ਪੈਰਾਸ਼ੂਟ' ਉਮੀਦਵਾਰ ਉਤਾਰੇ ਗਏ ਹਨ, ਭਾਵ ਕਿ ਹਲਕੇ ਤੋਂ ਬਾਹਰਲੇ ਬਣਾਏ ਗਏ ਹਨ। ਸਿਆਸੀ ਧਿਰਾਂ ਨੇ ਲੋਕਲ ਚੋਣ ਦੀ ਥਾਂ ਜੇਤੂ ਸਮਰੱਥਾ ਵਾਲੇ ਉਮੀਦਵਾਰ ਲੱਭੇ ਹਨ। ਭਾਜਪਾ ਵੱਲੋਂ ਗੁਰਦਾਸਪੁਰ ਹਲਕੇ ਤੋਂ ਸੰਨੀ ਦਿਉਲ ਨੂੰ ਉਤਾਰ ਦਿੱਤਾ ਗਿਆ ਹੈ ਜਦੋਂਕਿ ਕਾਂਗਰਸ ਦਾ ਉਮੀਦਵਾਰ ਸੁਨੀਲ ਜਾਖੜ ਵੀ ਹਲਕੇ ਤੋਂ ਬਾਹਰ ਦਾ ਹੈ। ਕਾਂਗਰਸੀ ਆਖ ਰਹੇ ਹਨ ਕਿ ਸੰਨੀ ਦਿਉਲ ਨੂੰ ਕਿਥੋਂ ਲੱਭੋਗੇ ਜਦੋਂ ਕਿ ਉਨ੍ਹਾਂ ਦਾ ਉਮੀਦਵਾਰ ਪੰਜਾਬ ਦਾ ਹੀ ਤਾਂ ਹੈ। ਫਿਰੋਜ਼ਪੁਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸੁਖਬੀਰ ਬਾਦਲ ਵੀ 'ਬਾਹਰਲਾ' ਬਣ ਗਿਆ ਹੈ। ਨਵੇਂ ਕਾਂਗਰਸੀ ਸ਼ੇਰ ਸਿੰਘ ਘੁਬਾਇਆ ਨੇ ਇਸ ਨੂੰ ਮੁੱਦਾ ਬਣਾਇਆ ਹੈ। ਬਠਿੰਡਾ ਹਲਕੇ ਵਿਚ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਿਆ ਹੈ ਕਿ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਹਲਕੇ ਤੋਂ ਬਾਹਰਲਾ ਹੈ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਦੁਆਬੇ ਤੋਂ ਹਨ। ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਮਝੈਲ ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਬਣਾਇਆ ਹੈ। ਉਧਰ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਵੀ ਹਲਕੇ ਤੋਂ ਬਾਹਰਲਾ ਹੈ। ਦੋਵੇਂ ਮੁੱਖ ਉਮੀਦਵਾਰ ਇਸ ਮਾਮਲੇ 'ਚ ਕੁਝ ਬੋਲਣ ਜੋਗੇ ਨਹੀਂ ਜਦੋਂ ਕਿ 'ਆਪ' ਦਾ ਉਮੀਦਵਾਰ ਪ੍ਰੋ. ਸਾਧੂ ਸਿੰਘ ਆਖ ਰਿਹਾ ਹੈ ਕਿ 'ਬਾਹਰਲੇ' ਉਮੀਦਵਾਰ ਭਜਾ ਦਿਓ।

ਹਲਕਾ ਸੰਗਰੂਰ ਵਿਚ ਤਿੰਨੋਂ ਪ੍ਰਮੁੱਖ ਉਮੀਦਵਾਰ ਅੰਦਰਲੇ ਹੀ ਹਨ। ਇਵੇਂ ਹੀ ਪਟਿਆਲਾ ਵਿਚ ਵੀ ਤਿੰਨੋਂ ਮੁੱਖ ਉਮੀਦਵਾਰ ਹਲਕੇ ਦੇ ਹੀ ਬਾਸ਼ਿੰਦੇ ਹਨ। ਫਤਹਿਗੜ੍ਹ ਸਾਹਿਬ ਹਲਕੇ ਵਿਚ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ 'ਤੇ ਬਾਹਰਲੇ ਹੋਣ ਦਾ ਠੱਪਾ ਲੱਗ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਆਖ ਰਿਹਾ ਹੈ ਕਿ ਉਸ ਦੀ ਰਿਹਾਇਸ਼ ਮੁਹਾਲੀ ਵਿਚ ਹੈ, ਜਿਸ ਕਰਕੇ ਉਹ ਅੰਦਰਲਾ ਉਮੀਦਵਾਰ ਹੈ ਪਰ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਹਲਕੇ ਤੋਂ ਬਾਹਰਲਾ ਹੈ। ਲੁਧਿਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਵੀ ਹਲਕੇ ਤੋਂ ਬਾਹਰਲਾ ਹੈ। ਜਲੰਧਰ ਹਲਕੇ ਵਿਚ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੀ ਬਾਹਰਲਾ ਉਮੀਦਵਾਰ ਹੀ ਹੈ। ਅੰਮ੍ਰਿਤਸਰ ਹਲਕੇ ਵਿਚ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਵੀ ਬਾਹਰਲੇ ਹੋਣ ਦਾ ਸੇਕ ਝੱਲਣਾ ਪੈ ਰਿਹਾ ਹੈ। ਕਾਂਗਰਸੀ ਉਮੀਦਵਾਰ ਇਸ ਗੱਲ ਨੂੰ ਵਧੇਰੇ ਪ੍ਰਚਾਰ ਰਿਹਾ ਹੈ। ਭਾਜਪਾ ਨੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜੋ ਹਲਕੇ ਤੋਂ ਬਾਹਰਲੇ ਹਨ। ਇਸੇ ਤਰ੍ਹਾਂ ਹੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਹੈ ਜੋ ਹਲਕੇ ਤੋਂ ਬਾਹਰਲੇ ਹਨ। ਰਾਜ ਗਾਇਕ ਹੰਸ ਰਾਜ ਹੰਸ ਦੀ ਪੰਜਾਬ ਵਿਚ ਤਾਂ ਦਾਲ ਗਲੀ ਨਹੀਂ, ਉਨ੍ਹਾਂ ਨੂੰ ਭਾਜਪਾ ਨੇ ਦਿੱਲੀ ਤੋਂ ਉਮੀਦਵਾਰ ਬਣਾ ਲਿਆ ਹੈ। ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਵੀ ਇਸੇ ਰੋਗ ਦੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਦੇ ਹਲਕਿਆਂ ਵਿਚ ਜੋ ਟਿਕਟਾਂ ਦੇ ਦਾਅਵੇਦਾਰ ਸਨ, ਉਨ੍ਹਾਂ ਨੂੰ ਪੈਰਾਸ਼ੂਟ ਉਮੀਦਵਾਰ ਨੇ ਹਾਸ਼ੀਏ 'ਤੇ ਧੱਕ ਦਿੱਤਾ ਹੈ। ਦੇਖਣਾ ਹੁਣ ਇਹ ਹੈ ਕਿ ਕਿੰਨੇ ਕੁ ਬਾਹਰਲੇ ਉਮੀਦਵਾਰਾਂ ਦੀ ਝੋਲੀ ਜਿੱਤ ਪੈਂਦੀ ਹੈ।


cherry

Content Editor

Related News