ਬਠਿੰਡਾ ਹਾਟ ਸੀਟ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਦੀ ਚੋਣ ਬਣੀ ਬੁਝਾਰਤ
Saturday, Apr 20, 2019 - 08:41 AM (IST)

ਚੰਡੀਗੜ੍ਹ(ਗੁਰਉਪਦੇਸ਼ ਭੁੱਲਰ) : ਲੋਕ ਸਭਾ ਚੋਣਾਂ 'ਚ ਪੰਜਾਬ ਦੀ ਹਾਟ ਸੀਟ ਬਠਿੰਡਾ ਨੂੰ ਲੈ ਕੇ ਇਸ ਵਾਰ ਸੂਬੇ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਉਮੀਦਵਾਰ ਦੀ ਚੋਣ ਇਕ ਵੱਡੀ ਬੁਝਾਰਤ ਬਣ ਚੁੱਕੀ ਹੈ। ਦੋਵੇਂ ਹੀ ਪਾਰਟੀਆਂ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਿਰਫ ਬਠਿੰਡਾ ਅਤੇ ਫਿਰੋਜ਼ਪੁਰ 'ਤੇ ਹਾਲੇ ਤੱਕ ਉਮੀਦਵਾਰ ਦਾ ਫੈਸਲਾ ਨਹੀਂ ਲੈ ਸਕੀਆਂ ਹਨ। ਬਠਿੰਡਾ ਹਲਕੇ ਦਾ ਉਮੀਦਵਾਰ ਤੈਅ ਨਾ ਹੋਣ ਕਾਰਨ ਹੀ ਫਿਰੋਜ਼ਪੁਰ ਦੇ ਉਮੀਦਵਾਰ ਦਾ ਐਲਾਨ ਨਹੀਂ ਹੋ ਪਾ ਰਿਹਾ ਹੈ।
ਬਹੁਤੀ ਵਾਰ ਅਕਾਲੀਆਂ ਦਾ ਰਿਹਾ ਹੈ ਕਬਜ਼ਾ :
ਬਠਿੰਡਾ ਹਲਕੇ 'ਤੇ ਸਾਲ 1957 ਤੋਂ 2014 ਤੱਕ 9 ਵਾਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਪਿਛਲੀਆਂ ਦੋ ਚੋਣਾਂ 2009 ਅਤੇ 2014 ਤੋਂ ਬਾਦਲ ਪਰਿਵਾਰ ਇੱਥੋਂ ਜੇਤੂ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸੀਟ 'ਤੇ ਪਿਛਲੀਆਂ 2 ਚੋਣਾਂ ਜਿੱਤੀਆਂ ਹਨ। ਸਾਲ 2009 ਦੀ ਚੋਣ ਤਾਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਉਮੀਦਵਾਰ ਕੈ. ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤੀ ਸੀ।
ਬੇਅਦਬੀ ਮਾਮਲਿਆਂ ਕਾਰਨ ਹੁਣ ਸਮੀਕਰਨ ਬਦਲੇ :
ਹੁਣ ਰਾਜਨੀਤਕ ਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਹਨ। ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਡੂੰਘਾ ਪ੍ਰਭਾਵ ਹੈ। ਇਸ ਮੁੱਦੇ ਕਾਰਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦਾ ਸਥਾਨ ਵੀ ਨਹੀਂ ਲੈ ਸਕਿਆ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਭਾਰ ਕਾਰਨ ਅਕਾਲੀ ਦਲ ਤੀਜੇ ਸਥਾਨ 'ਤੇ ਚਲਿਆ ਗਿਆ। ਜ਼ਿਕਰਯੋਗ ਹੈ ਕਿ 'ਆਪ' ਦੇ ਜੇਤੂ ਵਿਧਾਇਕਾਂ 'ਚੋਂ ਜ਼ਿਆਦਾ 5 ਵਿਧਾਇਕ ਬਠਿੰਡਾ ਲੋਕ ਸਭਾ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਤੋਂ ਹੀ ਜਿੱਤੇ ਹਨ। ਬਦਲੀਆਂ ਹੋਈਆਂ ਰਾਜਨੀਤਕ ਸਥਿਤੀਆਂ ਅਤੇ ਸਮੀਕਰਨਾਂ ਦੇ ਮੱਦੇਨਜ਼ਰ ਅਕਾਲੀ ਦਲ ਵੀ ਉਮੀਦਵਾਰ ਬਾਰੇ ਫੈਸਲਾ ਨਹੀਂ ਲੈ ਪਾ ਰਿਹਾ ਅਤੇ ਉਸਦੀ ਨਜ਼ਰ ਹਾਲੇ ਕਾਂਗਰਸ ਉਮੀਦਵਾਰ ਦੇ ਐਲਾਨ 'ਤੇ ਹੈ।
ਮਨਪ੍ਰੀਤ ਬਾਦਲ ਨੇ ਪਿਛਲੀਆਂ ਚੋਣਾਂ 'ਚ ਹਰਸਿਮਰਤ ਨੂੰ ਦਿੱਤੀ ਸੀ ਸਖਤ ਟੱਕਰ :
ਸਾਲ 2014 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਛੱਡਕੇ ਕਾਂਗਰਸ 'ਚ ਗਏ ਬਾਦਲ ਪਰਿਵਾਰ ਦੇ ਹੀ ਮੈਂਬਰ ਮਨਪ੍ਰੀਤ ਬਾਦਲ ਵੱਲੋਂ ਮੈਦਾਨ 'ਚ ਉਤਰਨ ਨਾਲ ਮੁਕਾਬਲਾ ਦਿਲਚਸਪ ਹੋਇਆ ਸੀ। ਹਰਸਿਮਰਤ ਨੂੰ ਰਾਜ 'ਚ ਆਪਣੀ ਸਰਕਾਰ ਅਤੇ ਦੇਸ਼ 'ਚ ਮੋਦੀ ਲਹਿਰ ਹੋਣ ਦੇ ਬਾਵਜੂਦ ਮੁਸ਼ਕਿਲ ਨਾਲ ਕੁਝ ਹਜ਼ਾਰ ਦੇ ਫਰਕ ਨਾਲ ਹੀ ਜਿੱਤ ਮਿਲੀ ਸੀ। ਇਨ੍ਹਾਂ ਚੋਣਾਂ 'ਚ ਹਰਸਿਮਰਤ ਨੂੰ 514727 ਅਤੇ ਮਨਪ੍ਰੀਤ ਨੂੰ 495332 ਵੋਟਾਂ ਮਿਲੀਆਂ ਸਨ ਅਤੇ ਹਾਰ ਦਾ ਫਰਕ ਸਿਰਫ 19395 ਵੋਟਾਂ ਦਾ ਰਹਿ ਗਿਆ ਸੀ।
ਮਨਪ੍ਰੀਤ ਬਾਦਲ ਦੀ ਨਾਂਹ ਕਾਰਨ ਕਾਂਗਰਸ ਲਈ ਹੋ ਰਹੀ ਮੁਸ਼ਕਿਲ :
ਕਾਂਗਰਸ ਨੂੰ ਉਮੀਦਵਾਰ ਤੈਅ ਕਰਨ 'ਚ ਇਸ ਲਈ ਮੁਸ਼ਕਿਲ ਆ ਰਹੀ ਹੈ, ਕਿਉਂਕਿ ਪਿਛਲੀ ਵਾਰ ਹਰਸਿਮਰਤ ਨੂੰ ਸਖਤ ਟੱਕਰ ਦੇਣ ਵਾਲੇ ਰਾਜ ਦੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਲੋਕ ਸਭਾ ਚੋਣ ਲੜਨ ਤੋਂ ਸਾਫ਼ ਮਨ੍ਹਾ ਕਰ ਰਹੇ ਹਨ। ਬੇਸ਼ੱਕ ਪਾਰਟੀ ਹਾਈਕਮਾਨ ਹਾਲੇ ਵੀ ਉਨ੍ਹਾਂ ਨੂੰ ਮਨਾਉਣ 'ਚ ਲੱਗੀ ਹੈ, ਕਿਉਂਕਿ ਬਾਦਲ ਪਰਿਵਾਰ ਨਾਲ ਮੁਕਾਬਲਾ ਕੋਈ ਆਸਾਨ ਨਹੀਂ ਅਤੇ ਬਰਾਬਰ ਦੀ ਟੱਕਰ ਦੇਣ ਲਈ ਦਿੱਗਜ਼ ਉਮੀਦਵਾਰ ਜ਼ਰੂਰੀ ਹੈ। ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਬਠਿੰਡਾ ਤੋਂ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਟਿਕਟ ਦੇ ਦਾਅਵੇਦਾਰਾਂ 'ਚ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ, ਗੁਰਮੀਤ ਖੁੱਡੀਆਂ ਅਤੇ ਕੁਝ ਹੋਰ ਸਥਾਨਕ ਨੇਤਾ ਵੀ ਸ਼ਾਮਲ ਹਨ।
ਵਿਜੇ ਇੰਦਰ ਸਿੰਗਲਾ ਅਤੇ ਰਾਜਾ ਵੜਿੰਗ ਦੇ ਨਾਂ 'ਤੇ ਵੀ ਮੰਥਨ:
ਬਠਿੰਡਾ ਲੋਕ ਸਭਾ ਖੇਤਰ 'ਚ ਸ਼ਹਿਰੀ ਵੋਟਰ ਵੱਡੀ ਗਿਣਤੀ 'ਚ ਹੋਣ ਦੇ ਕਾਰਨ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਕਾਂਗਰਸ ਉਮੀਦਵਾਰ ਬਣਾਉਣ 'ਤੇ ਚਰਚਾ ਚੱਲ ਰਹੀ ਹੈ। ਜੇਕਰ ਕੋਈ ਗੱਲ ਨਾ ਬਣੀ ਤਾਂ ਪਾਰਟੀ ਹਾਈਕਮਾਨ ਗਿੱਦੜਬਾਹਾ ਤੋਂ ਵਿਧਾਇਕ ਅਤੇ ਪੰਜਾਬ ਯੁਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਗਿੱਦੜਬਾਹਾ ਤੋਂ ਮੌਜੂਦਾ ਵਿਧਇਕ ਰਾਜਾ ਵੜਿੰਗ ਨੂੰ ਵੀ ਮੈਦਾਨ 'ਚ ਉਤਾਰ ਸਕਦੀ ਹੈ। ਹਾਲਾਂਕਿ 'ਆਪ' ਤੋਂ ਬਾਗੀ ਹੋ ਕੇ ਪੰਜਾਬ ਏਕਤਾ ਪਾਰਟੀ ਬਣਾ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਗਠਨ ਤੋਂ ਬਾਅਦ ਤੇਜ਼ ਤਰਾਰ ਨੇਤਾ ਸੁਖਪਾਲ ਖਹਿਰਾ ਪਹਿਲਾਂ ਹੀ ਮੈਦਾਨ 'ਚ ਉਤਰੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਗੁਰਸੇਵਕ ਸਿੰਘ ਜਵਾਹਰਕੇ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਪਰ ਲੋਕਾਂ ਦੀਆਂ ਨਜ਼ਰਾਂ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ 'ਤੇ ਹੀ ਟਿਕੀਆਂ ਹੋਈਆਂ ਹਨ। ਇਸ ਤੋਂ ਬਾਅਦ ਇਸ ਹਾਟ ਸੀਟ 'ਤੇ ਹੋਣ ਵਾਲੇ ਦਿਲਚਸਪ ਮੁਕਾਬਲੇ ਦੀ ਤਸਵੀਰ ਕੁੱਝ ਹੱਦ ਤੱਕ ਸਪੱਸ਼ਟ ਹੋ ਸਕੇਗੀ।
ਸਾਲ 2014 'ਚ ਬਠਿੰਡਾ ਲੋਕ ਸਭਾ ਸੀਟ ਦੇ ਚੋਣ ਦੀ ਸਥਿਤੀ:
ਉਮੀਦਵਾਰ | ਪਾਰਟੀ | ਵੋਟ |
ਹਰਸਿਮਰਤ ਬਾਦਲ | ਅਕਾਲੀ ਦਲ | 514727 |
ਮਨਪ੍ਰੀਤ ਬਾਦਲ | ਕਾਂਗਰਸ | 495332 |
ਜੱਸੀ ਜਸਰਾਜ | 'ਆਪ' | 87901 |
ਕੁਲਦੀਪ ਸਿੰਘ | ਬਸਪਾ | 13732 |
ਭਗਵੰਤ ਸਮਾਓਂ | ਸੀ. ਪੀ. ਆਈ (ਮਾਲੇ) ਲਿਬਰੇਸ਼ਨ | 5984 |
ਰਾਜਿੰਦਰ ਸਿੰਘ | ਅਕਾਲੀ (ਅ) | 1960 |
ਸ਼ਮਿੰਦਰ ਸਿੰਘ | ਜੇ.ਐਂਡ ਕੇ. ਨੈਸ਼ਨਲ ਪੈਂਥਰ ਪਾਰਟੀ | 4610 |
ਗੀਤਾ ਰਾਣੀ | ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ | 4380 |
ਮੱਖਣ ਲਾਲ | ਬਸਪਾ ( ਅੰਬੇਡਕਰ ) | 2587 |
ਗੁਰਦੀਪ ਸਿੰਘ | ਇੰਡੀਅਨ ਕ੍ਰਾਂਤੀਵਾਦੀ ਲਹਿਰ | 1404 |
ਗੁਰਮੀਤ ਰੰਘਰੇਟਾ | ਪੰਜਾਬ ਲੇਬਰ ਪਾਰਟੀ | 1386 |
ਜਗਦੀਸ਼ ਸ਼ਰਮਾ | ਨਵਭਾਰਤ ਡੈਮੋਕ੍ਰੇਟਿਕ ਪਾਰਟੀ | 1248 |
ਸੁਰੇਸ਼ ਗੋਇਲ | ਜਨਰਲ ਸਮਾਜ ਪਾਰਟੀ | 944 |
ਸਾਲ 1957 ਤੋਂ 2009 ਤੱਕ ਬਠਿੰਡਾ ਲੋਕ ਸਭਾ ਸੀਟ ਦੇ ਨਤੀਜੇ:
ਸਾਲ | ਜੇਤੂ | ਪਾਰਟੀ |
1957 | ਹੁਕਮ ਸਿੰਘ | ਕਾਂਗਰਸ |
1957 | ਅਜੀਤ ਸਿੰਘ | ਕਾਂਗਰਸ |
1962 | ਧੰਨਾ ਸਿੰਘ ਗੁਲਸ਼ਨ | ਅਕਾਲੀ ਦਲ |
1967 | ਕੇ. ਸਿੰਘ | ਅਕਾਲੀ ਦਲ (ਐੱਸ.) |
1971 | ਭਾਨ ਸਿੰਘ ਭੌਰਾ | ਸੀ. ਪੀ. ਆਈ. |
1977 | ਧੰਨਾ ਸਿੰਘ ਗੁਲਸ਼ਨ | ਸ਼੍ਰੋਮਣੀ ਅਕਾਲੀ ਦਲ |
1980 | ਹਾਕਮ ਸਿੰਘ | ਕਾਂਗਰਸ |
1985 | ਤੇਜਾ ਸਿੰਘ ਦਰਦੀ | ਸ਼੍ਰੋਮਣੀ ਅਕਾਲੀ ਦਲ |
1989 | ਸੁੱਚਾ ਸਿੰਘ | ਸ਼੍ਰੋਮਣੀ ਅਕਾਲੀ ਦਲ (ਐੱਮ.) |
1992 | ਕੇਵਲ ਸਿੰਘ | ਕਾਂਗਰਸ |
1996 | ਹਰਿੰਦਰ ਸਿੰਘ ਖਾਲਸਾ | ਸ਼੍ਰੋਮਣੀ ਅਕਾਲੀ ਦਲ |
1998 | ਚਤਿਨ ਸਿੰਘ ਸਮਾਓਂ | ਸ਼੍ਰੋਮਣੀ ਅਕਾਲੀ ਦਲ |
1999 | ਭਾਨ ਸਿੰਘ ਭੌਰਾ | ਸੀ. ਪੀ. ਆਈ. |
2004 | ਪਰਮਜੀਤ ਕੌਰ ਗੁਲਸ਼ਨ | ਸ਼੍ਰੋਮਣੀ ਅਕਾਲੀ ਦਲ |
2009 | ਹਰਸਿਮਰਤ ਕੌਰ ਬਾਦਲ | ਸ਼੍ਰੋਮਣੀ ਅਕਾਲੀ ਦਲ |