ਆਈਲੈਟਸ ਮਾਫੀਆ ਸਰਗਰਮ, ਸਰਕਾਰ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ

Thursday, Sep 19, 2019 - 01:01 PM (IST)

ਆਈਲੈਟਸ ਮਾਫੀਆ ਸਰਗਰਮ, ਸਰਕਾਰ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ

ਬਠਿੰਡਾ (ਵਰਮਾ) : ਡਾਲਰਾਂ ਦੀ ਚਮਕ ਦਿਖਾ ਕੇ ਸਿੱਖਿਆ ਲਈ ਵਿਦੇਸ਼ ਭੇਜਣ ਦੇ ਨਾਂ 'ਤੇ ਸ਼ਹਿਰ 'ਚ ਆਈਲੈਟਸ ਮਾਫੀਆ ਸਰਗਰਮ ਹੋ ਚੁੱਕਾ ਹੈ ਜੋ ਸਰਕਾਰ ਦੇ ਨਾਲ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕਰ ਰਿਹਾ ਹੈ। ਸ਼ਹਿਰ ਤੇ ਪਿੰਡਾਂ ਦੇ ਹਜ਼ਾਰਾਂ ਵਿਦਿਆਰਥੀ ਇਨ੍ਹਾਂ ਦੇ ਚੁੰਗਲ 'ਚ ਫਸ ਚੁੱਕੇ ਹਨ, ਜਦਕਿ ਬਠਿੰਡਾ ਦੀ ਮਸ਼ਹੂਰ ਅਜੀਤ ਰੋਡ ਤੇ ਉਸਦੇ ਆਸ-ਪਾਸ 150 ਤੋਂ ਵੱਧ ਆਈਲੈਟਸ ਕੇਂਦਰ ਖੁੱਲ੍ਹ ਚੁੱਕੇ ਹਨ। ਬਠਿੰਡਾ ਦੇ ਆਸ-ਪਾਸ ਦੇ ਪਿੰਡਾਂ ਤੋਂ ਰੋਜ਼ਾਨਾ 50 ਹਜ਼ਾਰ ਤੋਂ ਵੱਧ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈਣ ਲਈ ਬਠਿੰਡਾ ਪਹੁੰਚਦੇ ਹਨ, ਜਦਕਿ 300 ਤੋਂ ਵੱਧ ਨਾਜਾਇਜ਼ ਪੀ. ਜੀ. ਵੀ ਖੁੱਲ੍ਹੇ ਹੋਏ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਆਈਲੈਟਸ ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਰਹਿ ਰਹੇ ਹਨ।

ਕਿਵੇਂ ਚਲਦਾ ਹੈ ਗੋਰਖਧੰਦਾ
ਵਿਦੇਸ਼ਾਂ 'ਚ ਸਿੱਖਿਆ ਤੇ ਰੋਜ਼ਗਾਰ ਦੀ ਤਲਾਸ਼ ਲਈ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਤੇ ਕੋਚਿੰਗ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਲਈ ਲੱਖਾਂ ਰੁਪਏ ਖਰਚ ਵੀ ਕਰਨੇ ਪੈਂਦੇ ਹਨ। ਕੈਨੇਡਾ, ਅਮਰੀਕਾ ਜਾਣ ਲਈ ਵਿਦਿਆਰਥੀ ਨੂੰ 25 ਤੋਂ 30 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ, ਜਦਕਿ ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਜਰਮਨੀ ਆਦਿ ਦੇਸ਼ਾਂ 'ਚ ਜਾਣ ਲਈ ਵੀ ਇੰਨੀ ਹੀ ਰਾਸ਼ੀ ਖਰਚ ਕਰਨੀ ਪੈਂਦੀ ਹੈ। ਇਨ੍ਹਾਂ ਵਿਚ ਕੁਝ ਅਜਿਹੇ ਦੇਸ਼ ਵੀ ਹਨ, ਜਿਥੇ 7 ਤੋਂ 9 ਬੈਂਡ ਜ਼ਰੂਰੀ ਹਨ। ਸੱਚਾਈ ਇਹ ਹੈ ਕਿ ਇਨ੍ਹਾਂ 'ਚ ਕੁਝ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਦਾ ਅੰਗਰੇਜ਼ੀ 'ਚ ਹੱਥ ਬਹੁਤ ਤੰਗ ਹੁੰਦਾ ਹੈ ਪਰ ਉਹ ਵਿਦੇਸ਼ ਜਾਣ ਦੇ ਚਾਹਵਾਨ ਹਨ। ਅਜਿਹੇ 'ਚ ਆਈਲੈਟਸ ਸੰਚਾਲਕ ਉਨ੍ਹਾਂ ਤੋਂ ਪ੍ਰਤੀ ਬੈਂਡ ਲੱਖਾਂ ਰੁਪਏ ਲੈਂਦੇ ਹਨ। ਅਸਲ ਵਿਚ ਕੁਝ ਅਜਿਹੇ ਸੰਚਾਲਕ ਹਨ, ਜਿਨ੍ਹਾਂ ਦੀ ਦਿੱਲੀ ਤੇ ਚੰਡੀਗੜ੍ਹ ਵਿਚ ਸੈਟਿੰਗ ਹੈ ਜੋ ਲੈ ਦੇ ਕੇ ਬੈਂਡ ਵਧਾਉਣ ਦਾ ਕੰਮ ਕਰਦੇ ਹਨ। ਆਈਲੈਟਸ ਦੀ ਕੋਚਿੰਗ ਦੇਣ ਵਾਲੇ ਹਰ ਵਿਦਿਆਰਥੀ ਤੋਂ 30 ਹਜ਼ਾਰ ਰੁਪਏ ਅਲੱਗ ਤੋਂ ਵਸੂਲ ਕੀਤੇ ਜਾਂਦੇ ਹਨ।

ਆਮਦਨ ਕਰ ਵਿਭਾਗ ਨੂੰ ਲੱਗ ਰਿਹਾ ਕਰੋੜਾਂ ਦਾ ਚੂਨਾ
ਆਈਲੈਟਸ ਦੀ ਕੋਚਿੰਗ ਲੈਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਚੰਗੇ ਰੈਂਕ ਤੇ ਬੈਂਡ ਦਿਵਾਏ ਜਾਂਦੇ ਹਨ, ਜਿਸ ਨਾਲ ਆਮਦਨ ਕਰ ਵਿਭਾਗ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਆਮਦਨ ਕਰ ਵਿਭਾਗ ਵੱਲੋਂ ਬੀਤੇ ਸਾਲ 2-3 ਆਈਲੈਟਸ ਕੇਂਦਰਾਂ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਦਾ ਰਿਕਾਰਡ ਵੀ ਜ਼ਬਤ ਕੀਤਾ ਗਿਆ ਸੀ ਪਰ ਸਭ ਕੁਝ ਫਾਈਲਾਂ 'ਚ ਦੱਬ ਕੇ ਰਹਿ ਗਿਆ। ਹੁਣ ਛੋਟੇ-ਵੱਡੇ ਮਿਲਾ ਕੇ 150 ਤੋਂ ਵੱਧ ਆਈਲੈਟਸ ਕੇਂਦਰ ਖੁੱਲਵੇ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨਾਜਾਇਜ਼ ਰੂਪ ਨਾਲ ਚਲਾਏ ਜਾ ਰਹੇ ਹਨ। ਹੁਣ ਤਾਂ ਕੁਝ ਆਈਲੈਟਸ ਸੰਚਾਲਕਾਂ ਨੇ ਇਮੀਗ੍ਰੇਸ਼ਨ ਨੂੰ ਵੀ ਨਾਲ ਜੋੜ ਲਿਆ ਹੈ ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨੂੰ ਖੂਬ ਠੱਗਿਆ ਜਾ ਰਿਹਾ ਹੈ। ਆਮਦਨ ਕਰ ਵਿਭਾਗ ਇਨ੍ਹਾਂ ਆਈਲੈਟਸ ਕੇਂਦਰਾਂ 'ਤੇ ਛਾਪੇਮਾਰੀ ਕਰ ਕੇ ਇਨ੍ਹਾਂ ਦਾ ਰਿਕਾਰਡ ਖੰਗਾਲੇ ਤਾਂ ਉਨ੍ਹਾਂ ਹੱਥ ਨਾਜਾਇਜ਼ ਕਾਰੋਬਾਰ ਦੇ ਕਈ ਸਬੂਤ ਲੱਗ ਸਕਦੇ ਹਨ।

ਕੀ ਕਹਿਣੈ ਡੀ. ਸੀ. ਦਾ
ਆਈਲੈਟਸ ਕੇਂਦਰਾਂ 'ਚ ਨੌਜਵਾਨਾਂ ਨਾਲ ਹੋ ਰਹੀ ਠੱਗੀ ਦੇ ਮਾਮਲੇ 'ਚ ਡੀ. ਸੀ. ਬੀ. ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕੇਂਦਰਾਂ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਇਨ੍ਹਾਂ ਦਾ ਪੂਰਾ ਰਿਕਾਰਡ ਖੰਗਾਲੇਗੀ। ਉਨ੍ਹਾਂ ਕਿਹਾ ਕਿ ਲਗਭਗ 100 ਆਈਲੈਟਸ ਕੇਂਦਰਾਂ ਨੇ ਤਾਂ ਲਾਇਸੈਂਸ ਅਪਲਾਈ ਕੀਤੇ ਹੋਏ ਹਨ, ਜਿਨ੍ਹਾਂ 'ਚ ਕੁਝ ਨੂੰ ਮਿਲ ਗਏ ਹਨ, ਬਾਕੀਆਂ ਨੂੰ ਜਾਰੀ ਕੀਤੇ ਜਾ ਰਹੇ ਹਨ। ਬਿਨਾਂ ਲਾਇਸੈਂਸ ਵਾਲੇ ਆਈਲੈਟਸ ਤੇ ਇਮੀਗ੍ਰੇਸ਼ਨ ਕੇਂਦਰ ਪਾਏ ਗਏ ਤਾਂ ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇਗਾ।


Related News