ਕੈਪਟਨ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਸੌਦੇਬਾਜ਼ੀ ਕਰਕੇ ਲੋਕਾਂ ''ਤੇ ਪਾਇਆ ਕਰੋੜਾਂ ਦਾ ਬੋਝ : ਬੀਬੀ ਬਾਦਲ

Saturday, Jan 11, 2020 - 11:30 AM (IST)

ਕੈਪਟਨ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਸੌਦੇਬਾਜ਼ੀ ਕਰਕੇ ਲੋਕਾਂ ''ਤੇ ਪਾਇਆ ਕਰੋੜਾਂ ਦਾ ਬੋਝ : ਬੀਬੀ ਬਾਦਲ

ਬਠਿੰਡਾ (ਪਰਮਿੰਦਰ) : ਬਠਿੰਡਾ ਜ਼ਿਲੇ 'ਚ ਲੋਕਾਂ ਨੂੰ ਬਿਜਲੀ ਦੇ ਢਾਈ ਤੋਂ ਡੇਢ ਲੱਖ ਦੇ ਬਿੱਲ ਮਿਲਣ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੀ ਕਾਂਗਰਸੀ ਸਰਕਾਰ 'ਤੇ ਭੜਕਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਜੰਮ ਕੇ ਭੜਾਸ ਕੱਢੀ।

ਵਿਧਾਨ ਸਭਾ ਹਲਕਾ ਭੁੱਚੋ ਮੰਡੀ 'ਚ ਆਪਣੇ ਦੌਰੇ ਦੌਰਾਨ ਹਰਸਿਮਰਤ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਸੌਦੇਬਾਜ਼ੀ ਕਰ ਕੇ ਪੰਜਾਬ ਦੇ ਲੋਕਾਂ 'ਤੇ 20 ਹਜ਼ਾਰ ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਮੁੱਖ ਮੰਤਰੀ ਨੇ ਲੋਕਾਂ ਨਾਲ ਦੁਸ਼ਮਣੀ ਕੱਢੀ ਹੈ। ਸਰਕਾਰ ਨਿੱਜੀ ਕੰਪਨੀਆਂ ਵੱਲੋਂ ਕੋਲੇ ਦੀ ਢੋਆਈ ਵਜੋਂ ਮੰਗੇ ਜਾ ਰਹੇ 1400 ਕਰੋੜ ਰੁਪਏ ਦੇ ਕੇਸ 'ਚ ਆਪਣਾ ਪੱਖ ਰੱਖਣ 'ਚ ਅਸਫ਼ਲ ਰਹੀ ਹੈ, ਜਿਸ ਕਰ ਕੇ ਉਕਤ ਪੈਸਾ ਵੀ ਅਦਾ ਕਰਨਾ ਪਵੇਗਾ। ਆਪਣੀਆਂ ਗਲਤੀਆਂ ਦੀ ਸਜ਼ਾ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਅਤੇ ਵਾਰ-ਵਾਰ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ 'ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਸੌਦੇਬਾਜ਼ੀ ਕਰ ਕੇ 4100 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਆਪਣਾ ਉਕਤ ਘਾਟਾ ਪੂਰਾ ਕਰਨ ਲਈ ਲੋਕਾਂ ਨੂੰ ਭਾਰੀ ਭਰਕਮ ਬਿੱਲ ਭੇਜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਕਤ ਵਾਅਦਾ ਪੂਰਾ ਨਾ ਹੋਣ ਕਰ ਕੇ ਉਨ੍ਹਾਂ ਲੋਕਾਂ ਨਾਲ ਧੋਖਾ ਕੀਤਾ ਹੈ। ਸੂਬੇ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਹੁਣ ਸੂਬੇ ਦੀਆਂ ਔਰਤਾਂ ਤੱਕ ਖੁਦਕੁਸ਼ੀਆਂ ਕਰਨ ਲੱਗੀਆਂ ਹਨ, ਜਿਸ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਜ਼ਿੰਮੇਵਾਰ ਹਨ।

ਜ਼ਿਕਰਯੋਗ ਹੈ ਕਿ ਕੋਠੇ ਨਾਥੇਆਣਾ 'ਚ ਲੋਕਾਂ ਨੇ ਕੇਂਦਰੀ ਮੰਤਰੀ ਨੂੰ ਬਿਜਲੀ ਦੇ ਬਿੱਲ ਵਿਖਾਏ ਜਿਨ੍ਹਾਂ 'ਚ ਲੋਕਾਂ ਨੂੰ 40 ਹਜ਼ਾਰ ਤੋਂ ਲੈ ਕੇ 2.32 ਲੱਖ ਰੁਪਏ ਤੱਕ ਦੇ ਬਿਜਲੀ ਦੇ ਬਿੱਲ ਭੇਜੇ ਗਏ ਸੀ।


author

cherry

Content Editor

Related News