ਗੈਂਗਸਟਰਾਂ ਤੇ ਸਮੱਗਲਰਾਂ ਨੂੰ ਠੱਲ੍ਹ ਪਾਉਣ ਲਈ ਤਿੰਨ ਸੂਬਿਆਂ ਦੀ ਪੁਲਸ ਨੇ ਮਿਲਾਏ ਹੱਥ
Thursday, Mar 14, 2019 - 01:24 PM (IST)
ਬਠਿੰਡਾ(ਵੈੱਬ ਡੈਸਕ)— ਲੋਕ ਸਭਾ ਚੋਣਾਂ ਦੌਰਾਨ ਤਸਕਰਾਂ ਤੇ ਗੈਂਗਸਟਰਾਂ ਦੇ ਰਾਹ ਰੋਕਣ ਲਈ ਬੁੱਧਵਾਰ ਨੂੰ ਅੰਤਰਰਾਜੀ ਮੀਟਿੰਗ ਵਿਚ ਪੁਲਸ ਅਫ਼ਸਰਾਂ ਨੇ ਸਾਂਝੀ ਰਣਨੀਤੀ ਘੜੀ। ਇਸ ਦੌਰਾਨ ਵੱਡੀ ਕਮੀ ਮਹਿਸੂਸ ਕੀਤੀ ਗਈ ਕਿ ਤਿੰਨ ਸੂਬਿਆਂ ਦੇ ਪੁਲਸ ਅਫ਼ਸਰਾਂ 'ਚ ਆਪਸੀ ਤਾਲਮੇਲ ਦੀ ਘਾਟ ਦਾ ਫ਼ਾਇਦਾ ਸਮੱਗਲਰਾਂ ਤੇ ਗੈਂਗਸਟਰ ਉਠਾ ਰਹੇ ਹਨ। ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਅਤੇ ਰਾਜਸਥਾਨ 'ਚੋਂ ਹੈਰੋਇਨ ਦੇ ਰਾਹ ਰੋਕਣ ਲਈ ਸਾਂਝੀ ਪਹੁੰਚ 'ਤੇ ਜ਼ੋਰ ਦਿੱਤਾ ਗਿਆ। ਪੰਜਾਬ ਪੁਲਸ ਨੇ ਅੰਤਰਰਾਜੀ ਸਰਹੱਦ ਸੀਲ ਕਰਨ ਲਈ 52 ਪੁਲਸ ਨਾਕੇ ਸ਼ਨਾਖ਼ਤ ਕੀਤੇ ਹਨ ਜਿਨ੍ਹਾਂ 'ਤੇ ਨਾਕਾਬੰਦੀ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ।
ਬਠਿੰਡਾ ਵਿਚ ਬੁੱਧਵਾਰ ਨੂੰ ਬਠਿੰਡਾ ਰੇਂਜ ਦੇ ਆਈਜੀ ਐੱਮ.ਐੱਫ. ਫਾਰੂਕੀ, ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਬੀਕਾਨੇਰ ਰੇਂਜ ਦੇ ਆਈਜੀ ਬੀ.ਐੱਲ. ਮੀਨਾ ਅਤੇ ਹਿਸਾਰ ਦੇ ਆਈ.ਜੀ. ਅਮਿਤਾਬ ਢਿੱਲੋਂ ਤੋਂ ਇਲਾਵਾ ਤਿੰਨਾਂ ਸੂਬਿਆਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼. ਵੀ ਸ਼ਾਮਲ ਸਨ। ਆਈ.ਜੀ ਫਾਰੂਕੀ ਨੇ ਮੀਟਿੰਗ ਮਗਰੋਂ ਦੱਸਿਆ ਕਿ ਤਿੰਨਾਂ ਸੂਬਿਆਂ ਦੇ ਭਗੌੜਿਆਂ, ਸਮੱਗਲਰਾਂ ਅਤੇ ਗੈਂਗਸਟਰਾਂ ਦੀ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਨਾਲ ਚੋਣਾਂ ਮੌਕੇ ਇਨ੍ਹਾਂ ਲੋਕਾਂ ਨੂੰ ਠੱਲ੍ਹ ਪਾਉਣ ਵਿਚ ਸੌਖ ਰਹੇਗੀ।
ਬੀਕਾਨੇਰ ਦੇ ਆਈ.ਜੀ. ਬੀ.ਐੱਲ. ਮੀਨਾ ਨੇ ਮੰਨਿਆ ਕਿ ਆਪਸੀ ਤਾਲਮੇਲ ਦੀ ਘਾਟ ਦਾ ਗ਼ਲਤ ਅਨਸਰ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਹਿੰਦੂ ਮੱਲ ਕੋਟ ਜ਼ਰੀਏ ਪਾਕਿਸਤਾਨ ਵੱਲੋਂ ਤਸਕਰ ਹੈਰੋਇਨ ਸਪਲਾਈ ਕਰਦੇ ਹਨ। ਦਿੱਲੀ ਤੇ ਆਗਰਾ ਤੋਂ ਮੈਡੀਕਲ ਨਸ਼ੇ ਤਿੰਨਾਂ ਸੂਬਿਆਂ ਤੱਕ ਪੁੱਜਦੇ ਹਨ ਜਦੋਂਕਿ ਮੱਧ ਪ੍ਰਦੇਸ਼ 'ਚੋਂ ਅਫੀਮ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚੋਂ ਸ਼ਰਾਬ ਦੀ ਸਪਲਾਈ ਵਾਇਆ ਰਾਜਸਥਾਨ ਗੁਜਰਾਤ ਨੂੰ ਹੁੰਦੀ ਹੈ। ਹਿਸਾਰ ਦੇ ਆਈ.ਜੀ. ਅਮਿਤਾਭ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਵਿਚ ਗ਼ਲਤ ਅਨਸਰਾਂ ਦੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਜਿਸ ਕਰਕੇ ਚੋਣਾਂ ਦੌਰਾਨ ਮਾੜੇ ਅਨਸਰਾਂ ਦੇ ਰਾਹ ਰੁਕਣਗੇ।