ਬਠਿੰਡਾ ’ਚ ਡਿਵੈਲਪਮੇਂਟ ਅਥਾਰਿਟੀ ਦੀ ਵੱਡੀ ਕਾਰਵਾਈ, ਚਲਾਇਆ ਬੁਲਡੋਜ਼ਰ (ਵੀਡੀਓ)
Wednesday, Feb 26, 2020 - 12:00 PM (IST)
ਬਠਿੰਡਾ (ਕੁਨਾਲ, ਪਰਮਿੰਦਰ) - ਸਥਾਨਕ ਪਾਵਰ ਹਾਊਸ ਰੋਡ ’ਤੇ ਮੱਛੀ ਮਾਰਕੀਟ ਚੌਕ ਨੇੜੇ ਬੀ. ਡੀ. ਏ. (ਬਠਿੰਡਾ ਡਿਵੈੱਲਪਮੈਂਟ ਅਥਾਰਟੀ) ਦੀ ਜਗ੍ਹਾ ’ਤੇ ਬਣੇ ਦਰਜਨ ਤੋਂ ਵੱਧ ਮਕਾਨਾਂ ’ਤੇ ਡਿਵੈੱਲਪਮੈਂਟ ਅਥਾਰਟੀ ਵਲੋਂ ਬੁਲਡੋਜ਼ਰ (ਪੀਲਾ ਪੰਜਾ) ਚਲਾ ਦਿੱਤਾ। ਇਸ ਨਾਲ ਉਥੇ ਰਹਿ ਰਹੇ ਕਈ ਪਰਿਵਾਰ ਬੇਘਰ ਹੋ ਗਏ, ਜਿਸ ਕਰਕੇ ਪੀੜਤ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਦਾ ਵਿਰੋਧ ਕੀਤਾ। ਲੋਕਾਂ ਨੇ ਧਰਨਾ ਲੱਗਾ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਕਈ ਔਰਤਾਂ ਦੀ ਪੁਲਸ ਨਾਲ ਬਹਿਸਬਾਜ਼ੀ ਵੀ ਹੋ ਹਈ, ਜਿਸ ਮਗਰੋਂ ਪੁਲਸ ਨੇ 2-3 ਔਰਤਾਂ ਨੂੰ ਹਿਰਾਸਤ ’ਚ ਲੈ ਲਿਆ। ਉਕਤ ਔਰਤਾਂ ਵਲੋਂ ਪੁਲਸ ਪ੍ਰਸ਼ਾਸਨ ’ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਗਏ। ਜਾਣਕਾਰੀ ਅਨੁਸਾਰ ਪੁਲਸ ਵਲੋਂ ਗ੍ਰਿਫਤਾਰ ਕੀਤੀ ਇਕ ਗਰਭਵਤੀ ਦਾ ਧੱਕਾਮੁੱਕੀ ਦੌਰਾਨ ਗਰਭਪਾਤ ਵੀ ਹੋ ਗਿਆ ਪਰ ਅਲਟ੍ਰਾਸਾਊਂਡ ਨਾ ਹੋਣ ਕਾਰਣ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਅਹਾਤਿਆਂ ਅਤੇ ਝੁੱਗੀਆਂ ਨੂੰ ਵੀ ਢਾਹਿਆ
ਬੀ. ਡੀ. ਏ. ਵਲੋਂ ਕੀਤੀ ਗਈ ਇਸ ਕਾਰਵਾਈ ’ਚ ਕਈ ਮਕਾਨਾਂ ਤੋਂ ਇਲਾਵਾ ਕੁਝ ਅਹਾਤਿਆਂ ਅਤੇ ਝੁੱਗੀਆਂ ਆਦਿ ਨੂੰ ਵੀ ਢਾਹਿਆ ਗਿਆ। ਜ਼ਿਕਰਯੋਗ ਹੈ ਕਿ ਉਕਤ ਜਗ੍ਹਾ ’ਤੇ ਪਹਿਲਾਂ ਵੀ ਬੀ. ਡੀ. ਏ. ਵਲੋਂ ਕੁਝ ਨਾਜਾਇਜ਼ ਬਣੇ ਮਕਾਨਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਮੰਗਲਵਾਰ ਨੂੰ ਬੀ. ਡੀ. ਏ. ਅਧਿਕਾਰੀ ਵੱਡੀ ਮਾਤਰਾ ’ਚ ਪੁਲਸ ਬਲ ਅਤੇ ਕਈ ਬੁਲਡੋਜ਼ਰਾਂ ਨਾਲ ਪਹੁੰਚੇ ਅਤੇ ਉਕਤ ਜਗ੍ਹਾ ’ਤੇ ਬਣੇ 1 ਦਰਜਨ ਤੋਂ ਵੱਧ ਮਕਾਨਾਂ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਬਤੌਰ ਡਿਊਟੀ ਮੈਜਿਸਟ੍ਰੇਟ ਪਹੁੰਚੇ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਿਆ।
ਬਿਨਾਂ ਨੋਟਿਸ ਦਿੱਤੇ ਕੀਤੀ ਕਾਰਵਾਈ : ਪੀੜਤ ਲੋਕ
ਉਧਰ, ਪੀੜਤ ਲੋਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਲਕ ਝਪਕਦੇ ਬੇਘਰ ਕਰ ਦਿੱਤਾ ਗਿਆ। ਲੋਕਾਂ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ, ਉਨ੍ਹਾਂ ਖਿਲਾਫ ਕਾਰਵਾਈ ਕਰ ਦਿੱਤੀ ਗਈ। ਲੋਕਾਂ ਨੇ ਆਪਣਾ ਜ਼ਰੂਰੀ ਸਾਮਾਨ ਆਦਿ ਕੱਢ ਕੇ ਸੜਕਾਂ ’ਤੇ ਰੱਖ ਲਿਆ ਅਤੇ ਹੁਣ ਉਨ੍ਹਾਂ ਕੋਲ ਰਾਤ ਗੁਜ਼ਾਰਨ ਲਈ ਕੋਈ ਜਗ੍ਹਾ ਨਹੀਂ।
ਹਿਰਾਸਤ ’ਚ ਲਈ ਔਰਤ ਦਾ ਹੋਇਆ ਗਰਭਪਾਤ
ਪੀੜਤ ਲੋਕਾਂ ਨਾਲ ਮਿਲ ਕਈ ਔਰਤਾਂ ਨੇ ਵੀ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਲਗਭਗ 3 ਔਰਤਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨਾਲ ਧੱਕਾ-ਮੁੱਕੀ ’ਚ ਇਕ ਗਰਭਵਤੀ ਬੱਦੋ ਕੌਰ ਪਤਨੀ ਇਕਬਾਲ ਸਿੰਘ ਦੇ ਗਰਭਪਾਤ ਦੀ ਗੱਲ ਵੀ ਕਹੀ ਗਈ। ਉਕਤ ਔਰਤ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਗਿਆ। ਡਿਊਟੀ ’ਤੇ ਤਾਇਨਾਤ ਈ. ਐੱਮ. ਓ. ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਧੱਕਾ-ਮੁੱਕੀ ਦੌਰਾਨ ਮਹਿਲਾ ਦਾ ਗਰਭਪਾਤ ਵੀ ਹੋ ਗਿਆ, ਜਿਸ ਦੀ ਜਾਂਚ ਕਰ ਬੁੱਧਵਾਰ ਨੂੰ ਪੁਸ਼ਟੀ ਕੀਤੀ ਜਾ ਸਕੇਗੀ। ਦੂਜੇ ਪਾਸੇ ਬੀ. ਡੀ. ਏ. ਦੀ ਜਗ੍ਹਾ ’ਤੇ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਇਸ ਸਬੰਧ ’ਚ ਉਕਤ ਕਬਜ਼ੇ ਹਟਾਉਣ ਲਈ ਡੀ.ਸੀ. ਬਠਿੰਡਾ ਤੋਂ ਸੁਰੱਖਿਆ ਦੀ ਮੰਗ ਕੀਤੀ। ਉਕਤ ਸਾਰੀ ਕਾਰਵਾਈ ਬੀ. ਡੀ. ਏ. ਵੱਲੋਂ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਡਿਊਟੀ ਲਾਈ ਗਈ ਸੀ ਤਾਂ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਨਾ ਹੋਵੇ।
ਬੀ. ਡੀ. ਏ. ਵਲੋਂ ਬਿਨਾਂ ਨੋਟਿਸ ਦਿੱਤੇ ਮਕਾਨਾਂ ਨੂੰ ਢਾਹੁਣ ਅਤੇ ਔਰਤਾਂ ਨਾਲ ਕੁੱਟ-ਮਾਰ ਦੀ ‘ਆਪ’ ਨੇ ਸਖ਼ਤ ਨਿੰਦਾ ਕੀਤੀ ਅਤੇ ਬੀ. ਡੀ. ਏ. ਅਤੇ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜ਼ਿਲਾ ਪ੍ਰਧਾਨ ਨਵਦੀਪ ਸਿੰਘ ਅਤੇ ਹੋਰ ਪਾਰਟੀ ਆਗੂਆਂ ਨੇ ਸਿਵਲ ਹਸਪਤਾਲ ’ਚ ਭਰਤੀ ਉਕਤ ਔਰਤ ਦਾ ਹਾਲ-ਚਾਲ ਪੁੱਛਿਆ। ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਉਕਤ ਘਰਾਂ ’ਚ ਬਿਜਲੀ ਦੇ ਮੀਟਰ, ਪਾਣੀ ਦੇ ਕੁਨੈਕਸ਼ਨ ਅਤੇ ਹੋਰ ਸਾਰੀਆਂ ਸਹੂਲਤਾਂ ਸਨ ਪਰ ਇਸ ਦੇ ਬਾਵਜੂਦ ਬਿਨਾਂ ਨੋਟਿਸ ਦਿੱਤੇ ਉਕਤ ਘਰਾਂ ਨੂੰ ਢਾਹ ਦਿੱਤਾ ਗਿਆ, ਜੋ ਇਕ ਘਿਨੌਣੀ ਘਟਨਾ ਹੈ। ਇਸ ਦੇ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜੇਕਰ ਉਕਤ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।