ਕੈਪਟਨ ਖਿਲਾਫ ਪੰਜਾਬ ਦੀਆਂ ਸੜਕਾਂ ''ਤੇ ਉਤਰੇ ਕਿਸਾਨ (ਵੀਡੀਓ)
Friday, Jan 18, 2019 - 03:35 PM (IST)
ਬਠਿੰਡਾ (ਅਮਿਤ)— ਕਿਸਾਨਾਂ ਦੀਆਂ 7 ਜਥੇਬੰਦੀਆਂ ਵਲੋਂ ਪੰਜਾਬ ਭਰ ਵਿਚ ਅੱਜ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬਠਿੰਡਾ ਵਿਚ ਵੀ ਕਿਸਾਨਾਂ ਵੱਲੋਂ ਡੀ.ਸੀ. ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕੈਪਟਨ ਦੀ ਕਰਜ਼ਾ ਮੁਆਫੀ ਮੁਹਿੰਮ ਨੂੰ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ ਵਿਚ ਆਏ ਹੋਏ 2 ਸਾਲ ਹੋ ਗਏ ਹਨ ਅਤੇ ਅਜੇ ਤੱਕ ਕਿਸਾਨਾਂ ਦਾ ਪੂਰਨ ਤੌਰ 'ਤੇ ਕਰਜ਼ਾ ਮੁਆਫ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਉਹ ਧਰਨਾ ਦੇ ਰਹੇ ਹਨ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਔਰਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਦੇ ਕਿਸਾਨ ਪਤੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਰੱਖੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ।