ਸੂਬੇ ''ਚ ਹਰ ਸਾਲ ਸੁੱਕ ਰਹੇ ਕਈ ਬੋਰਵੈੱਲ, ਖੁੱਲ੍ਹੇ ਛੱਡਣ ਨਾਲ ਵਧੇ ਹਾਦਸੇ
Wednesday, Jun 12, 2019 - 01:42 PM (IST)
ਬਠਿੰਡਾ (ਵੈੱਬ ਡੈਸਕ) : ਸੂਬੇ ਦੀ 73 ਫੀਸਦੀ ਸਿੰਜਾਈ ਬੋਰਵੈੱਲ 'ਤੇ ਨਿਰਭਰ ਹੈ। ਇੱਥੇ ਹਰ ਸਾਲ ਪਾਣੀ ਦਾ ਲੈਵਲ 1 ਮੀਟਰ ਹੇਠਾਂ ਜਾ ਰਿਹਾ ਹੈ ਇਸ ਲਈ ਬੋਰਵੈੱਲ ਸੁੱਕ ਰਹੇ ਹਨ। ਇਸ ਕਾਰਨ ਲੋਕ ਬੋਰਵੈੱਲ ਖੁੱਲ੍ਹੇ ਛੱਡ ਰਹੇ ਹਨ ਅਤੇ ਇਸ ਨਾਲ ਹਾਦਸੇ ਵਧੇ ਹਨ। ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ 1970 ਵਿਚ ਪੰਜਾਬ ਵਿਚ 1.92 ਲੱਖ ਬੋਰਵੈੱਲ ਸਨ ਜੋ ਹੁਣ ਵੱਧ ਕੇ 14.15 ਲੱਖ ਤੱਕ ਪਹੁੰਚ ਗਏ ਹਨ। ਇਸ ਤੋਂ ਵੀ ਗੰਭੀਰ ਪਹਿਲੂ ਇਹ ਹੈ ਕਿ ਪੰਜਾਬ ਵਿਚ 31 ਲੱਖ ਹੈਕਟੇਅਰ ਝੋਨੇ ਦੇ ਰਕਬੇ ਨੂੰ ਸਿੰਜਾਈ ਲਈ ਇਨ੍ਹਾਂ ਬੋਰਵੈੱਲ ਤੋਂ ਲਗਾਤਾਰ ਜ਼ਮੀਨੀ ਪਾਣੀ ਨਿਕਲ ਰਿਹਾ ਹੈ, ਜਿਸ ਕਾਰਨ ਇਸ ਨਾਲ ਮਾਲਵਾ ਦਾ 1 ਮੀਟਰ ਅਤੇ ਪੰਜਾਬ ਦਾ 49 ਸੈਂਟੀਮੀਟਰ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਬੋਰਵੈੱਲ ਤੇਜੀ ਨਾਲ ਸੁੱਕ ਰਹੇ ਹਨ ਅਤੇ ਉਨ੍ਹਾਂ ਨੂੰ ਡੂੰਘਾ ਕਰਨ 'ਤੇ ਆਉਣ ਵਾਲੇ 2 ਲੱਖ ਖਰਚ ਨੂੰ ਛੋਟੇ ਕਿਸਾਨ ਪੂਰਾ ਨਹੀਂ ਕਰ ਪਾ ਰਹੇ ਹਨ ਅਤੇ ਇਨ੍ਹਾਂ ਨੂੰ ਖੁੱਲਾ ਹੀ ਛੱਡ ਰਹੇ ਹਨ।
ਬਠਿੰਡਾ ਵਿਚ 50, ਨਿਹਾਲ ਸਿੰਘ ਵਾਲਾ 'ਚ ਅਤੇ ਪਟਿਆਲਾ ਵਿਚ 4-4 ਬੋਰਵੈੱਲ ਭਰੇ
ਸੀ.ਐਮ. ਦੇ ਹੁਕਮ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਭਰ ਵਿਚ ਕਰੀਬ 150 ਤੋਂ ਜ਼ਿਆਦਾ ਬੋਰਵੈੱਲ ਭਰੇ ਗਏ। ਬਠਿੰਡਾ ਜ਼ਿਲੇ ਵਿਚ 50, ਮੋਗਾ ਦੇ ਨਿਹਾਲ ਸਿੰਘ ਵਾਲਾ 'ਚ 4, ਪਟਿਆਲਾ ਵਿਚ 4 ਬੋਰਵੈੱਲ ਨੂੰ ਖੁੱਲਾ ਛੱਡ ਦਿੱਤਾ ਗਿਆ ਸੀ, ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਸਨ। ਇਨ੍ਹਾਂ ਨੂੰ ਬੁੱਧਵਾਰ ਨੂੰ ਬੰਦ ਕਰਵਾ ਦਿੱਤਾ ਗਿਆ। ਮੁਕਤਸਰ ਅਤੇ ਫਰੀਦਕੋਟ ਪ੍ਰਸ਼ਾਸਨ ਨੇ ਨਿੱਲ ਰਿਪੋਰਟ ਬਣਾਈ ਹੈ ਪਰ ਪ੍ਰਦੇਸ਼ ਵਿਚ ਇਹ ਬੋਰਵੈੱਲ ਦੀ ਸਮੱਸਿਆ ਆਉਣ ਵਾਲੇ ਦਿਨਾਂ ਵਿਚ ਹੋਰ ਗੰਭੀਰ ਹੋਣ ਵਾਲੀ ਹੈ।