ਬਟਾਲਾ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਭਾਰਤ-ਭੂਟਾਨ ਸਰਹੱਦ ਤੋਂ ਗ੍ਰਿਫਤਾਰ

Friday, Jul 07, 2023 - 06:16 PM (IST)

ਚੰਡੀਗੜ੍ਹ/ਬਟਾਲਾ : ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕੇਂਦਰੀ ਏਜੰਸੀ ਅਤੇ ਪੱਛਮੀ ਬੰਗਾਲ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਟਾਲਾ ਗੋਲੀ ਕਾਂਡ ਦੇ ਮੁੱਖ ਦੋਸ਼ੀ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿਚ ਭਾਰਤ-ਭੂਟਾਨ ਬਾਰਡਰ ਤੋਂ ਗ੍ਰਿਫਤਾਰ ਕਰਕੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ 21 ਸਾਲਾ ਮੁਲਜ਼ਮ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਉਹ ਕਤਲ ਦੇ ਇਕ ਕੇਸ ਵਿਚ ਜ਼ਮਾਨਤ ’ਤੇ ਰਿਹਾਅ ਸੀ। ਜਾਣਕਾਰੀ ਅਨੁਸਾਰ 24 ਜੂਨ, 2023 ਨੂੰ ਬਟਾਲਾ ਦੀ ਲੱਕੜ ਮੰਡੀ ਵਿਖੇ ਰਾਜੀਵ ਮਹਾਜਨ, ਉਸ ਦੇ ਭਰਾ ਅਨਿਲ ਗੁਪਤਾ ਅਤੇ ਉਸ ਦੇ ਪੁੱਤਰ ਮਾਨਵ ਗੁਪਤਾ ਨੂੰ ਦੋ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਇਲੈਕਟ੍ਰਾਨਿਕਸ ਦੀ ਦੁਕਾਨ ਵਿਚ ਦਾਖਲ ਹੋ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਅਤੇ ਸਬੂਤਾਂ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ, ਪੰਜਾਬ ਨੇ ਦੋਸ਼ੀ ਵਿਅਕਤੀ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿਚ ਟਰੇਸ ਕੀਤਾ। ਉਨ੍ਹਾਂ ਕਿਹਾ ਕਿ ਬਟਾਲਾ ਪੁਲਸ ਨੇ ਤੁਰੰਤ ਪੱਛਮੀ ਬੰਗਾਲ ਲਈ ਇਕ ਟੀਮ ਰਵਾਨਾ ਕੀਤੀ ਅਤੇ ਉਥੋਂ ਦੀ ਪੁਲਸ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਕੇਂਦਰੀ ਏਜੰਸੀ ਅਤੇ ਪੱਛਮੀ ਬੰਗਾਲ ਪੁਲਸ ਦੇ ਤਾਲਮੇਲ ਨਾਲ ਦੋਸ਼ੀ ਵਿਅਕਤੀ ਨੂੰ ਭਾਰਤ-ਭੂਟਾਨ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਪੱਛਮੀ ਬੰਗਾਲ ਦੇ ਡੀ. ਜੀ. ਪੀ. ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।

ਡੀ. ਜੀ. ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਾਰਾ ਮਾਡਿਊਲ ਵਿਦੇਸ਼ ਤੋਂ ਹੈਂਡਲ ਕੀਤਾ ਜਾ ਰਿਹਾ ਸੀ ਅਤੇ ਗ੍ਰਿਫਤਾਰ ਮੁਲਜ਼ਮ ਇਸ ਤਰ੍ਹਾਂ ਦੇ ਅਪਰਾਧ ਕਰਨ ਲਈ ਵਿਦੇਸ਼ੀ ਹੈਂਡਲਰਾਂ ਤੋਂ ਫੰਡ ਪ੍ਰਾਪਤ ਕਰ ਰਿਹਾ ਸੀ। ਐੱਸ. ਐੱਸ. ਪੀ ਬਟਾਲਾ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਪੁਲਸ ਵੱਖ-ਵੱਖ ਲੀਡਜ਼ ’ਤੇ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਬਾਕੀ ਦੋਸ਼ੀਆਂ ਨੂੰ ਫੜਨ ਲਈ ਯਤਨ ਜਾਰੀ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐੱਫ. ਆਈ. ਆਰ. ਨੰ. 103 ਮਿਤੀ 24/6/2023 ਨੂੰ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 452, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਿਟੀ ਬਟਾਲਾ ਵਿਖੇ ਪਹਿਲਾਂ ਹੀ ਦਰਜ ਹੈ।

 


Gurminder Singh

Content Editor

Related News