ਜ਼ਿੰਦਗੀ ਮੋਰਚਿਆਂ ਤੇ ਜੇਲਾਂ ਦੇ ਲੇਖੇ ਲਾਉਣ ਵਾਲੇ ਦਰ-ਬ-ਦਰ ਭਟਕਣ ਲਈ ਮਜ਼ਬੂਰ
Monday, Nov 05, 2018 - 06:11 PM (IST)

ਬਟਾਲਾ : ਪੰਜਾਬੀ ਸੂਬਾ ਤੇ ਧਰਮ ਯੁੱਧ ਮੋਰਚਾ ਸਮੇਤ ਹੋਰ ਵੱਖ-ਵੱਖ ਮੋਰਚਿਆਂ 'ਚ ਜੇਲ ਜਾਣ ਵਾਲੇ ਜਥੇਦਾਰ ਦਲੀਪ ਸਿੰਘ ਮਸਾਣੀਆਂ ਅਕਾਲੀ ਸਰਕਾਰ ਸਮੇਂ ਸੰਘਰਸ਼ੀ ਯੋਧਿਆਂ ਨੂੰ ਮਿਲਣ ਵਾਲੇ ਭੱਤੇ ਤੋਂ ਵਾਂਝੇ ਰਹਿਣ ਕਰਕੇ ਦੁਖੀ ਹੈ।
ਅਕਾਲੀ ਸਰਕਾਰ ਸਮੇਂ ਉਹ ਸਾਰੇ ਦਸਤਾਵੇਜ ਲੈ ਕੇ ਡੀ.ਸੀ. ਦਫਤਰ ਗੁਰਦਾਸਪੁਰ ਕਈ ਵਾਰ ਗਏ ਪਰ ਹਰ ਵਾਰ ਉਨ੍ਹਾਂ ਨੂੰ ਉਥੋਂ ਖਾਲ੍ਹੀ ਹੱਥ ਵਾਪਸ ਮੁੜਨਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਵਿਪੁਲ ਉਜਵਲ ਨੇ ਦੱਸਿਆ ਕਿ ਉਹ ਆਪਣੇ ਦਸਤਾਵੇਜ ਦਫਤਰ ਲੈ ਕੇ ਆਉਣ ਉਨ੍ਹਾਂ 'ਤੇ ਹਮਦਰਦੀ ਨਾਲ ਵਿਚਾਰਿਆ ਜਾਵੇਗਾ।
ਜਾਣਕਾਰੀ ਮੁਤਾਬਕ ਜਥੇਦਾਰ ਮਸਾਣੀਆਂ ਦਾ ਜਨਮ 1934 'ਚ ਹੋਇਆਤੇ 1956 'ਚ ਅਕਾਲੀ ਦਲ 'ਚ ਸ਼ਾਮਲ ਹੋਏ। ਉਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ, ਐਮਰਜੈਂਸੀ ਤੇ ਧਰਮ ਯੁੱਧ ਮੋਰਚਾ 'ਚ ਭਾਗ ਲੈਂਦਿਆਂ ਕਈ ਜੇਲ ਵੀ ਕੱਟੀ ਹੈ। ਉਸ ਦੇ ਸਿਰੜ ਦੀ ਵੱਡੀ ਮਿਸਾਲ ਇਹ ਦੇਖਣ ਨੂੰ ਮਿਲਦੀ ਹੈ ਕਿ 1960 'ਚ ਤਿਹਾੜ ਜੇਲ 'ਚ 6 ਮਹੀਨੇ ਬਤੀਤ ਕਰਨ ਤੋਂ ਬਾਅਦ ਜਦ ਉਹ ਰਿਹਾਅ ਹੋਏ ਤਾਂ ਉਨ੍ਹਾਂ ਕੋਲ ਪੈਸੇ ਨਾ ਹੋਣ 'ਤੇ ਦਿੱਲੀ ਤੋਂ ਪੈਦਲ ਹੀ ਬਟਾਲਾ ਨੇੜੇ ਪਿੰਡ ਮਸਾਣੀਆ ਪਹੁੰਚੇ। ਜਵਾਨੀ ਸਮੇਂ ਅਕਾਲੀ ਦਲ ਵਲੋਂ ਲਗਾਏ ਮੋਰਚਾ ਦਰ ਮੋਰਚਾ ਤੇ ਵੱਖ-ਵੱਖ ਜੇਲਾਂ 'ਚ ਰਹਿਣ ਕਾਰਨ ਉਹ ਵਿਆਹ ਵੀ ਨਾ ਕਰਵਾ ਸਕੇ। ਅਕਾਲੀ ਮੋਰਚਿਆਂ 'ਚ ਭਾਗ ਲੈਣ ਵਾਲੇ ਸੰਘਰਸ਼ੀ ਯੋਧਿਆਂ ਦੀ ਪੈਨਸ਼ਨ ਅਕਾਲੀ ਸਰਕਾਰ ਨੇ ਹੀ ਸ਼ੁਰੂ ਕੀਤੀ ਪਰ ਉਹ ਵਾਂਝੇ ਹੀ ਰਹੇ।