ਬਟਾਲਾ 'ਚ ਕਿੰਨੀਆਂ ਪਟਾਕਿਆਂ ਦੀਆਂ ਫੈਕਟਰੀਆਂ, ਮੰਗਵਾ ਰਹੇ ਹਾਂ ਰਿਕਾਰਡ : IG
Friday, Sep 06, 2019 - 10:01 AM (IST)

ਅੰਮ੍ਰਿਤਸਰ(ਇੰਦਰਜੀਤ) : ਬਟਾਲਾ 'ਚ ਹੋਏ ਪਟਾਕਾ ਫੈਕਟਰੀ ਵਿਚ ਇਕ ਵੱਡੇ ਧਮਾਕੇ ਬਾਰੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਸ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਇਸ ਕਾਂਡ ਸਬੰਧੀ ਐੱਫ. ਆਈ. ਆਰ. ਦਰਜ ਕਰਕੇ ਮੈਜਿਸਟ੍ਰੇਟ ਜਾਂਚ ਬਿਠਾ ਦਿੱਤੀ ਗਈ ਹੈ।
ਬਟਾਲਾ ਖੇਤਰ ਵਿਚ ਕਿੰਨੀਆਂ ਪਟਾਕਿਆਂ ਦੀਆਂ ਫੈਕਟਰੀਆਂ ਹਨ, ਕਿੰਨੀਆਂ ਥਾਵਾਂ 'ਤੇ ਸਥਿਤ ਹਨ, ਇਸ ਬਾਰੇ ਵੀ ਡੀ. ਸੀ. ਦਫ਼ਤਰ ਤੋਂ ਰਿਕਾਰਡ ਮੰਗਵਾਇਆ ਜਾ ਰਿਹਾ ਹੈ। ਇਸ 'ਤੇ ਗੰਭੀਰ ਜਾਂਚ ਹੋਵੇਗੀ ਕਿ ਕਿੰਨੀਆਂ ਫੈਕਟਰੀਆਂ ਕੋਲ ਲਾਇਸੈਂਸ ਹੈ ਜਾਂ ਨਹੀਂ, ਕਿਨ੍ਹਾਂ ਲੋਕਾਂ ਕੋਲ ਕਿੰਨਾ ਵਿਸਫੋਟਕ ਪਦਾਰਥ ਹੈ, ਜੋ ਉਨ੍ਹਾਂ ਨੂੰ ਅਲਾਟ ਕੀਤਾ ਗਿਆ ਹੈ। ਵਿਸਫੋਟਕ ਪਦਾਰਥ ਵਿਚ ਕਿੰਨੀ ਪੋਟੈਂਸੀ ਹੈ ਅਤੇ ਕਿੰਨੀ ਹੋਣੀ ਚਾਹੀਦੀ ਹੈ, ਇਸ ਦੀ ਵੀ ਕੈਮੀਕਲ ਜਾਂਚ ਕਰਵਾਈ ਜਾਵੇਗੀ।
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਹੋਏ ਭਾਰੀ ਵਿਸਫੋਟ ਵਿਚ ਕੋਈ ਆਰ. ਡੀ. ਐਕਸ. ਨਾਂ ਦਾ ਤੱਤ ਹੈ? ਉਨ੍ਹਾਂ ਕਿਹਾ ਕਿ ਇਹ ਕੋਰੀ ਅਫਵਾਹ ਹੈ, ਇਸ ਵਿਚ ਆਰ. ਡੀ. ਐਕਸ. ਵਰਗਾ ਕੋਈ ਪਦਾਰਥ ਨਹੀਂ ਪਾਇਆ ਗਿਆ, ਸਿਰਫ ਪੋਟਾਸ਼ੀਅਮ ਦੇ ਪਟਾਕਿਆਂ ਦਾ ਮਟੀਰੀਅਲ ਹੀ ਦੇਖਿਆ ਗਿਆ ਹੈ।