ਢਿੱਲਵਾਂ ਕਤਲ ਕਾਂਡ ਮਾਮਲੇ 'ਚ ਤੀਜਾ ਦੋਸ਼ੀ ਗ੍ਰਿਫਤਾਰ
Tuesday, Jan 28, 2020 - 03:37 PM (IST)
ਬਟਾਲਾ (ਗੁਰਪ੍ਰੀਤ): ਬਟਾਲਾ ਪੁਲਸ ਦੇ ਹੱਥ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਕਤਲ ਕਾਂਡ ਮਾਮਲੇ 'ਚ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਇਸ ਮਾਮਲੇ ਵਿਚ ਸ਼ਾਮਲ ਤੀਜੇ ਦੋਸ਼ੀ ਮੇਜਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਢਿੱਲਵਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿਚ 7 ਹੋਰ ਸ਼ੱਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਗ੍ਰਿਫਤਾਰੀ ਦੇ ਸਬੰਧ ਵਿਚ ਜਾਰੀ ਪ੍ਰੈਸ ਨੋਟ ਮੁਤਾਬਕ ਐਸ.ਪੀ.ਐਸ. ਪਰਮਾਰ ਆਈ.ਪੀ.ਐਸ., ਆਈ.ਜੀ.ਪੀ. ਬਾਰਡਰ ਰੇਂਜ ਨੇ ਪੁਲਸ ਪਾਰਟੀ ਦੀ ਅਗਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ 'ਤੇ ਮੇਜਰ ਸਿੰਘ ਨੂੰ ਪੰਜ ਗਰਾਈਆਂ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਉਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ। ਦੱਸ ਦੇਈਏ ਕਿ ਇਸ ਮਾਮਲੇ ਵਿਚ 2 ਦੋਸ਼ੀ ਪਹਿਲਾਂ ਹੀ ਪੁਲਸ ਰਿਮਾਂਡ 'ਤੇ ਹਨ।
ਦੱਸ ਦੇਈਏ ਕਿ ਸਾਬਕਾ ਸਰਪੰਚ ਤੇ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦਾ ਬੀਤੇ ਦਿਨੀਂ ਪਿੰਡ ਢਿੱਲਵਾਂ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਰਾਤ ਦਾ ਖਾਣਾ ਖਾ ਕੇ ਘਰ ਦੇ ਬਾਹਰ ਸੈਰ ਕਰ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਪਹਿਲਾਂ ਤਾਂ ਢਿੱਲਵਾਂ ਨੂੰ ਗੋਲੀਆਂ ਮਾਰੀਆਂ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਵੀ ਕਈ ਵਾਰ ਕੀਤੇ, ਜਿਸ ਕਾਰਨ ਢਿੱਲਵਾਂ ਦੀ ਮੌਤ ਹੋ ਗਈ।