ਪੰਥ ਨੂੰ ਬਚਾਉਣ ਲਈ ਯੋਜਨਾਬੰਦੀ ਨਾਲ ਲੜਾਂਗੇ SGPC ਦੀਆਂ ਚੋਣਾਂ : ਜਥੇ. ਸੇਖਵਾਂ

03/04/2020 12:29:51 PM

ਬਟਾਲਾ (ਮਠਾਰੂ) : ਪੰਥ ਨੂੰ ਬਚਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣੀਆਂ ਪੰਥਕ ਹਮਾਇਤੀ ਜਥੇਬੰਦੀਆਂ ਅਤੇ ਆਗੂਆਂ ਨਾਲ ਮਿਲ ਕੇ ਜਿਥੇ ਆਉਣ ਵਾਲੇ ਸਮੇਂ 'ਚ ਪੂਰੀ ਯੋਜਨਾਬੰਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ, ਉਥੇ ਨਾਲ ਹੀ ਸਿਧਾਂਤਕ ਤੌਰ 'ਤੇ ਪੰਥਕ ਕਦਰਾਂ-ਕੀਮਤਾਂ ਨੂੰ ਵੀ ਉੱਚਾ ਚੁੱਕਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇ. ਸੇਵਾ ਸਿੰਘ ਸੇਖਵਾਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਵਿਚਾਰਧਾਰਾ ਨੂੰ ਮੱਦੇਨਜ਼ਰ ਸਿਧਾਂਤਾਂ ਦੀ ਲੜੀ ਜਾ ਰਹੀ ਇਸ ਲੜਾਈ ਦੌਰਾਨ ਪਹਿਲੇ ਪੜਾਅ 'ਚ ਪੰਥ ਨੂੰ ਬਚਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਾਂ ਨੂੰ ਚੰਗੇ ਹੱਥਾਂ 'ਚ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸਮੁੱਚੇ ਸਾਥੀਆਂ ਨਾਲ ਮਿਲ ਕੇ ਮੁਹਿੰਮ ਚਲਾਈ ਜਾ ਰਹੀ ਹੈ।

ਜਥੇ. ਸੇਖਵਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਚੰਗੇ ਅਕਸ ਵਾਲੇ ਪੰਥ ਹਿਤੈਸ਼ੀ ਚਿਹਰਿਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ, ਜਿਸ ਤਹਿਤ ਸਮੁੱਚੇ ਪੰਜਾਬ 'ਚ ਇਸ ਸਬੰਧੀ ਮੀਟਿੰਗਾਂ ਕਰ ਕੇ ਆਗੂਆਂ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਥੇਬੰਦਕ ਢਾਂਚੇ 'ਚ ਫੇਰ-ਬਦਲ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਫਿਲਹਾਲ ਅਜੇ ਪਾਰਟੀ 'ਚ ਕਿਸੇ ਕਿਸਮ ਦਾ ਕੋਈ ਵੀ ਫੇਰ-ਬਦਲ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਅਕਾਲੀ ਦਲ ਟਕਸਾਲੀ ਦਾ ਮੰਤਵ 1920 ਵਾਲਾ ਅਕਾਲੀ ਦਲ ਕਾਇਮ ਕਰਨਾ : ਸੇਖਵਾਂ


Baljeet Kaur

Content Editor

Related News