ਬਟਾਲਾ ''ਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਮੌਕੇ ਸਜਾਇਆ ਗਿਆ ਆਲੌਕਿਕ ਨਗਰ ਕੀਰਤਨ

09/05/2019 5:42:57 PM

ਬਟਾਲਾ (ਬੇਰੀ) : ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ-ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਥੇ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਤਿੰਦਰਪਾਲ ਸਿੰਘ ਮਾਂਟੂ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਬਲਵਿੰਦਰ ਸਿੰਘ ਲਾਡੀ ਵਿਧਾਇਕ ਸ੍ਰੀ ਹਰਗੋਬਿੰਦਪੁਰ, ਬਲਬੀਰ ਰਾਜ ਸਿੰਘ ਐੱਸ. ਡੀ. ਐੱਮ. ਬਟਾਲਾ ਤੇ ਅਸ਼ਵਨੀ ਸੇਖੜੀ ਸਾਬਕਾ ਮੰਤਰੀ ਆਦਿ ਪਹੁੰਚੇ। ਨਗਰ ਕੀਰਤਨ ਦੀ ਆਰੰਭਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ 'ਚ ਸੁਸ਼ੋਭਿਤ ਕੀਤਾ ਗਿਆ ਸੀ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਸਮੁੱਚੀ ਪੁਲਸ ਫੋਰਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।

PunjabKesari
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਆਕਾਸ਼-ਗੂੰਜਾਊ ਜੈਕਾਰਿਆਂ ਨਾਲ ਸ਼ੁਰੂ ਹੋ ਕੇ ਖਜੂਰੀ ਗੇਟ, ਆਰ. ਆਰ. ਬਾਵਾ ਕਾਲਜ ਰੋਡ, ਜਲੰਧਰ ਰੋਡ ਹੰਸਲੀ ਪੁਲ ਰਾਹੀਂ ਫੁਆਰਾ ਚੌਕ, ਕਾਹਨੂੰਵਾਨ ਰੋਡ, ਸਿੰਬਲ ਚੌਕੀ, ਪ੍ਰੇਮਨਗਰ ਬੋਹੜਾਂਵਾਲ, ਪੁਲਸ ਲਾਈਨ ਰੋਡ, ਕਰਤਾਰ ਨਗਰ, ਕਾਦੀਆਂ ਰੇਲਵੇ ਫਾਟਕ ਜੀ. ਟੀ. ਰੋਡ, ਕਾਹਨੂੰਵਾਨ ਚੌਕ ਤੋਂ ਐੱਸ. ਐੱਸ. ਪੀ. ਦਫਤਰ, ਗਾਂਧੀ ਚੌਕ, ਲੋਹਾ ਮੰਡੀ, ਨਹਿਰੂ ਗੇਟ, ਥਾਣਾ ਸਿਟੀ ਅਤੇ ਪੁਰਾਣੀ ਡੀ. ਐੱਸ. ਪੀ. ਕੋਠੀ ਤੋਂ ਹੁੰਦਾ ਹੋਇਆ ਕੱਚਾ ਕੋਟ, ਭੰਡਾਰੀ ਮੁਹੱਲਾ, ਠਠਿਆਰੀ ਗੇਟ ਰਾਹੀਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਦੇਰ ਸ਼ਾਮ ਸੰਪੂਰਨ ਹੋਇਆ। ਇਸ ਨਗਰ ਕੀਰਤਨ ਦਾ ਸਾਰੇ ਰਸਤੇ 'ਚ ਇਲਾਕਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਇਲਾਕਾ ਵਾਸੀਆਂ ਵਲੋਂ ਥਾਂ-ਥਾਂ 'ਤੇ ਸਵਾਗਤੀ ਗੇਟ ਬਣਾਏ ਗਏ ਸਨ। ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲਾਏ ਲੰਗਰ ਦਾ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀ ਸੰਗਤ ਨੇ ਆਨੰਦ ਮਾਣਿਆ।


Baljeet Kaur

Content Editor

Related News