ਰਿਕਸ਼ਾ ਚਾਲਕ ਦੇ ਪੈਰ ’ਚ ਗੋਲੀ ਮਾਰ ਲੁਟੇਰਿਆਂ ਨੇ ਲੁੱਟੇ 40 ਹਜ਼ਾਰ ਰੁਪਏ
Tuesday, Jan 21, 2020 - 11:29 AM (IST)
ਬਟਾਲਾ (ਗੁਰਪ੍ਰੀਤ ਚਾਵਲਾ, ਬੇਰੀ) - ਬਟਾਲਾ ਦੇ ਕਸਬਾ ਅਲੀਵਾਲ ਨੇੜੇ ਲੁਟੇਰਿਆਂ ਵਲੋਂ ਇਕ ਰਿਕਸ਼ਾ ਚਾਲਕ ਮਜ਼ਦੂਰ ਨੂੰ ਗੋਲੀ ਮਾਰ ਕੇ ਉਸ ਤੋਂ 40 ਹਜ਼ਾਰ ਰੁਪਏ ਲੁੱਟ ਲੈਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਪੀੜਤ ਰਿਕਸ਼ਾ ਚਾਲਕ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮਨਜੀਤ ਕੌਰ ਪਤਨੀ ਹਰਬੰਸ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਜੇਠ ਮੋਤੀ ਰਾਮ ਪੁੱਤਰ ਨਾਜਰ ਚੰਦ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਅਸੀਂ ਪਿੰਡ ’ਚ ਇਕ ਜਗ੍ਹਾ ਲੈਣੀ ਸੀ, ਜਿਸ ਲਈ ਅਸੀਂ ਅਲੀਵਾਲ ਬੈਂਕ ਤੋਂ ਪੈਸੇ ਕੱਢਵਾ ਕੇ ਵਾਪਸ ਪਿੰਡ ਆ ਰਹੇ ਸੀ। ਇਸ ਦੌਰਾਨ ਜਦੋਂ ਅਸੀਂ ਪਿੰਡ ਨਜ਼ਦੀਕ ਪੁੱਜੇ ਤਾਂ ਅਚਾਨਕ ਪਿੱਛੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਨੇ ਉਨ੍ਹਾਂ ਦਾ ਰਿਕਸ਼ਾ ਰੋਕ ਲਿਆ। ਕਾਰ ’ਚ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਲੁਟੇਰਿਆ ਵਲੋਂ ਉਸ ਦੇ ਜੇਠ ਦੇ ਪੈਰ ’ਚ ਗੋਲੀ ਮਾਰੀ ਗਈ, ਜਿਸ ਕਾਰਨ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਨਾਕਾਬੰਦੀ ਕਰ ਕੇ ਲੁਟੇਰਿਆਂ ਦੀ ਭਾਲ ਜਾਰੀ
ਥਾਣਾ ਅਲੀਵਾਲ ਦੇ ਐੱਸ. ਐੱਚ. ਓ. ਅਮੋਲਕ ਦੀਪ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਨਾਕਾਬੰਦੀ ਕਰ ਕੇ ਲੁੱਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਡਾਕਟਰ ਸੁਚੈਤਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਦੀ ਲੱਤ ’ਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਨਾਲ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।