ਕਰਤਾਰਪੁਰ ਕੋਰੀਡੋਰ ਦੇ ਦੋਵਾਂ ਪਾਸੇ ਰੋਕਾਂ ਲੱਗਣ ਕਾਰਨ ਕਿਸਾਨ ਪਰੇਸ਼ਾਨ
Thursday, Jul 18, 2019 - 11:31 AM (IST)
![ਕਰਤਾਰਪੁਰ ਕੋਰੀਡੋਰ ਦੇ ਦੋਵਾਂ ਪਾਸੇ ਰੋਕਾਂ ਲੱਗਣ ਕਾਰਨ ਕਿਸਾਨ ਪਰੇਸ਼ਾਨ](https://static.jagbani.com/multimedia/2019_7image_11_30_425870436a2.jpg)
ਬਟਾਲਾ : ਕਸਬਾ ਡੇਰਾ ਬਾਬਾ ਨਾਨਕ ਨੇੜੇ ਬਣਾਏ ਜਾ ਰਹੇ ਕਰਤਾਰਪੁਰ ਲਾਂਘੇ ਦੇ ਦੋਵਾਂ ਪਾਸੇ ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਰੋਕਾਂ ਲਾਉਣ ਦੇ ਫੈਸਲੇ ਮਗਰੋਂ ਲਾਂਘੇ ਦੇ ਆਸ-ਪਾਸ ਦੁਕਾਨਾਂ ਤੇ ਹੋਰ ਕਾਰੋਬਾਰ ਖੋਲ੍ਹਣ ਦੇ ਸੁਪਨੇ ਸੰਜੋਈ ਬੈਠੇ ਕਰੀਬ 150 ਕਿਸਾਨ ਨਿਰਾਸ਼ਾ ਦੇ ਆਲਮ 'ਚ ਹਨ।
ਇਸ ਲਾਂਘੇ ਨਾਲ ਚਾਰ ਪਿੰਡਾਂ ਡੇਰਾ ਬਾਬਾ ਨਾਨਕ, ਟਾਹਲੀ ਸਾਹਿਬ ਪੱਖੋਕੇ, ਚੰਦੂਨੰਗਲ ਤੇ ਜੌੜੀਆਂ ਦੇ 150 ਦੇ ਕਰੀਬ ਕਿਸਾਨਾਂ ਦੀਆਂ ਜ਼ਮੀਨਾਂ ਪਹਿਲਾਂ ਹੀ ਵਿੰਗੀਆਂ-ਟੇਢੀਆਂ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਤੇ ਹੁਣ ਐੱਨ.ਐੱਚ.ਏ. ਵਲੋਂ ਲਾਂਘੇ ਦੇ ਦੋਵਾਂ ਪਾਸੇ ਰੋਕਾਂ ਲਾਏ ਜਾਣ ਨਾਲ ਉਨ੍ਹਾਂ ਦੀਆਂ ਕਾਰੋਬਾਰ ਖੋਲ੍ਹਣ ਦੀਆਂ ਸੱਧਰਾਂ ਮਨ 'ਚ ਹੀ ਰਹਿ ਗਈਆਂ ਹਨ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿਸ ਸਥਾਨ 'ਤੇ ਜ਼ਮੀਨਾਂ ਦੇ ਮਾਲਕ ਕਿਸਾਨ ਆਪਣਾ ਕਾਰੋਬਾਰ ਖੋਲ੍ਹਣ, ਉਥੇ ਰੋਕਾਂ ਨਾ ਲਾਈਆਂ ਜਾਣ।
ਇਸ ਸਬੰਧੀ 'ਜ਼ਮੀਨ ਬਚਾਓ ਸੰਘਰਸ਼ ਕਮੇਟੀ' ਦੇ ਪ੍ਰਧਾਨ ਰਹੇ ਸੂਬਾ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਲਾਂਘੇ ਦੇ ਨਿਰਮਾਣ ਤੋਂ ਬਾਅਦ ਤਿਕੋਣੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਲਾਂਘੇ ਦੇ ਕਿਨਾਰਿਆਂ 'ਤੇ ਜੇ ਕੋਈ ਕਿਸਾਨ ਆਪਣੇ ਪਰਿਵਾਰ ਦੇ ਪਾਲਣ ਲਈ ਕਾਰੋਬਾਰ ਖੋਲ੍ਹਦਾ ਹੈ, ਉਸ ਸਾਹਮਣੇ ਗਾਰਡ ਨਾ ਲਗਾਏ ਜਾਣ। ਐੱਨ.ਐੱਚ.ਏ. ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਰੋਕਾਂ ਹਾਦਸਿਆਂ ਦੇ ਮੱਦੇਨਜ਼ਰ ਲਗਾਈਆਂ ਜਾ ਰਹੀਆਂ ਹਨ।