ਬਟਾਲਾ ''ਚ ਰੂਹ ਕੰਬਾਉਣ ਵਾਲਾ ਮੰਜ਼ਰ, ਸੜਕ ''ਤੇ ਪਈਆਂ ਲਾਸ਼ਾਂ (ਤਸਵੀਰਾਂ)
Wednesday, Sep 04, 2019 - 06:26 PM (IST)

ਬਟਾਲਾ (ਗੁਰਮਿੰਦਰ ਸਿੰਘ) : ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਪਟਾਕਾ ਫੈਕਟਰੀ ਦੇ ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮੁਜ਼ਦੂਰਾਂ ਦੇ ਚਿੱਥੜੇ ਤੱਕ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ।
ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਕਈ ਮਜ਼ਦੂਰ ਸੜਕ 'ਤੇ ਤੜਫ ਰਹੇ ਸਨ ਅਤੇ ਆਪਣਿਆਂ ਨੂੰ ਲੱਭ ਰਹੇ ਪਰਿਵਾਰ ਫੈਕਟਰੀ ਬਾਹਰ ਵਿਰਲਾਪ ਕਰ ਰਹੇ ਸਨ। ਦਿਲ ਕੰਬਾਅ ਦੇਣ ਵਾਲਾ ਇਹ ਮੰਜ਼ਰ ਜਿਸ ਨੇ ਵੀ ਦੇਖਿਆ ਉਸਦਾ ਕਾਲਜਾ ਮੂੰਹ ਨੂੰ ਆ ਗਿਆ।
ਖਬਰ ਲਿਖੇ ਜਾਣ ਤਕ 19 ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਸਨ, ਜਦਕਿ 36 ਵਿਅਕਤੀ ਗੰਭੀਰ ਜ਼ਖਮੀ ਸਨ ਜਿਨ੍ਹਾਂ ਵਿਚੋਂ ਚਾਰ ਅਤਿ ਗੰਭੀਰ ਵਿਅਕਤੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਦੁੱਖ ਪ੍ਰਗਟਾਇਆ ਹੈ, ਉਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਫੈਕਟਰੀ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ ਪਰ ਪ੍ਰਸ਼ਾਸਨ ਨੇ ਇਸ ਫੈਕਟਰੀ ਨੂੰ ਰਿਆਇਸ਼ੀ ਇਲਾਕੇ ਤੋਂ ਬਾਹਰ ਕੱਢਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ, ਜਿਸ ਦਾ ਖਾਮਿਆਜ਼ਾ ਅੱਜ ਦਰਜਨਾਂ ਪਰਿਵਾਰਾਂ ਨੂੰ ਭੁਗਤਣਾ ਪਿਆ ਹੈ।