ਲਾਹੌਰ ''ਚ ਸਾਈਂ ਮੀਆਂ ਮੀਰ ਫਾਊਂਡੇਸ਼ਨ ਨੇ ਵਿਸ਼ਵ ਸ਼ਾਂਤੀ ਲਈ ਕਾਨਫਰੰਸ ਕਰਵਾਈ

Wednesday, Jan 22, 2020 - 10:18 AM (IST)

ਬਟਾਲਾ (ਮਠਾਰੂ)- ਹਜਰਤ ਸਾਈਂ ਮੀਆਂ ਮੀਰ ਦਰਬਾਰ ਲਾਹੌਰ ਦੇ ਸੰਚਾਲਕ ਤੇ ਸਾਈਂ ਮੀਆਂ ਮੀਰ ਜੀ ਦੇ ਵੰਸ਼ ਦੇ ਵਾਰਿਸ ਸਾਈਂ ਸਾਇਦ ਅਲੀ ਰਜ਼ਾ ਗਿਲਾਨੀ ਕਾਦਰੀ ਦੇ ਵਿਸ਼ੇਸ਼ ਯਤਨਾਂ ਸਦਕਾ ਲਾਹੌਰ 'ਚ ਪਿਛਲੇ ਦਿਨੀਂ ਵਿਸ਼ਵ ਸ਼ਾਂਤੀ ਲਈ ਕਾਨਫ਼ਰੰਸ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਪੀਰ-ਪੈਗੰਬਰਾਂ, ਸਾਈਆਂ ਦੇ ਵੰਸ਼ ਦੇ ਮੈਂਬਰਾਂ, ਗੱਦੀ ਨਸ਼ੀਨਾਂ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਵਿਸ਼ਵ ਸ਼ਾਂਤੀ ਲਈ ਸੁਹਿਰਦ ਯਤਨ ਕਰਨ ਵਾਲੀਆਂ ਹੋਰਨਾਂ ਮਹਾਨ ਸ਼ਖ਼ਸੀਅਤਾਂ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਅੰਦਰ ਕੰਮ ਕਰਨ ਦੇ ਆਪਣੇ ਵੱਖਰੇ ਅੰਦਾਜ਼ ਕਾਰਨ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਡਾ. ਐੱਸ.ਪੀ.ਸਿੰਘ ਓਬਰਾਏ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਕਰਵਾਈ ਗਈ ਇਸ ਵਿਸ਼ੇਸ਼ ਕਾਨਫਰੰਸ ’ਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਵਿਸ਼ਵ ਸ਼ਾਂਤੀ ਲਈ ਇਕ ਆਦਰਸ਼ ਲੈ ਕੇ ਚੱਲਣਾ ਹੋਵੇਗਾ। ਇਹ ਆਦਰਸ਼ ਹੈ ਹਿੰਸਾ ਤੇ ਅਰਾਜਕਤਾ ਤੋਂ ਰਹਿਤ ਸਮਾਜ ਦਾ ਨਿਰਮਾਣ। 

ਉਨਾਂ ਕਿਹਾ ਕਿ ਸਾਰੇ ਧਰਮ ਸਮੁੱਚੇ ਵਿਸ਼ਵ ਦੀ ਭਲਾਈ ਲਈ ਉਪਰਾਲੇ ਕਰਨ 'ਤੇ ਜ਼ੋਰ ਦਿੰਦੇ ਹਨ,ਇਸ ਲਈ ਸਾਨੂੰ ਆਪਸੀ ਵੈਰ ਵਿਰੋਧ ਖਤਮ ਕਰ ਕੇ ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਲੈ ਕੇ ਜਾਣਾ ਚਾਹੀਦਾ ਹੈ। ਪ੍ਰਮੁੱਖ ਬੁਲਾਰਿਆਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਸਾਨੂੰ ਸਭ ਨੂੰ ਫਖ਼ਰ ਮਹਿਸੂਸ ਹੋ ਰਿਹਾ ਹੈ। ਆਪਣੇ ਆਪ ਲਈ ਤਾਂ ਸਭ ਸੋਚਦੇ ਹਨ ਪਰ ਸਹੀ ਅਰਥਾਂ 'ਚ ਡਾ.ਓਬਰਾਏ ਅਸਲ ਇਨਸਾਨ ਹਨ, ਜੋ ਬਿਨਾਂ ਕਿਸੇ ਭੇਦ-ਭਾਵ ਦੇ ਹਰ ਮਜ਼ਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਪੂਰੀ ਦੁਨੀਆਂ ਅੰਦਰ ਬਿਨਾਂ ਕਿਸੇ ਸਵਾਰਥ ਦੇ ਆਪਣੀ ਨੇਕ ਕਮਾਈ 'ਚੋਂ ਸੇਵਾ ਕਾਰਜ ਕਰ ਰਹੇ ਹਨ। ਇਸ ਮੌਤੇ ਜਿੱਥੇ ਡਾ. ਓਬਰਾਏ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ, ਉੱਥੇ ਡਾ. ਓਬਰਾਏ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਅੰਦਰ ਹੋਏ 12ਵੇਂ ਵਿਸ਼ਵ ਸਾਇੰਟੀਫ਼ਿਕ ਸੰਮੇਲਨ ਦੌਰਾਨ ‘ਪਰਉਪਕਾਰੀ ਆਫ਼ ਦਾ ਯੀਅਰ’ ਐਲਾਨਦਿਆਂ ‘ਮੈਡਲ ਆਫ਼ ਪੈਰਿਸ’ ਤੇ ‘ਮੈਡਲ ਫਾਰ ਪੀਸ’ ਨਾਲ ਸਨਮਾਨਿਤ ਹੋਣ ’ਤੇ ਮੁਬਾਰਕਬਾਦ ਦਿੱਤੀ।


rajwinder kaur

Content Editor

Related News