ਚਾਈਨਾ ਦੀ ਰੋਸ਼ਨੀ ''ਚ ਗੁਆਚੇ ''ਮਿੱਟੀ ਦੇ ਦੀਵੇ''

10/23/2019 2:46:18 PM

ਬਟਾਲਾ (ਸਾਹਿਲ) : ਭਾਵੇਂ ਦੀਵਾਲੀ ਮੌਕੇ ਬਾਜ਼ਾਰਾਂ 'ਚ ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਰੰਗੀਆਂ ਲਾਈਟਾਂ ਖਿੱਚ ਦਾ ਕੇਂਦਰ ਹਨ ਪਰ ਹਾਲੇ ਵੀ ਕਈ ਪਰਜਾਪਤਾਂ ਨੇ ਆਪਣੇ ਪਿਤਾ-ਪੁਰਖੀ ਰੀਤ ਨਿਭਾਉਂਦੇ ਹੋਏ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਤੇ ਹੋਰ ਸਾਮਾਨ ਬਣਾ ਕੇ ਵੇਚਣਾ ਬੰਦ ਨਹੀਂ ਕੀਤਾ ਤੇ ਅੱਜ ਵੀ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਘੁਮਿਆਰ ਮਿੱਟੀ ਨਾਲ ਮਿੱਟੀ ਹੋ ਕੇ ਇਹ ਸਾਮਾਨ ਤਿਆਰ ਕਰ ਰਹੇ ਹਨ। ਪਰ ਹੁਣ ਇਹ ਕਾਰੋਬਾਰ ਮੁਨਾਫੇ ਵਾਲਾ ਨਹੀਂ ਰਿਹਾ। ਇਸ ਸਬੰਧੀ 'ਜਗ ਬਾਣੀ' ਦੀ ਟੀਮ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ ਡੇਢ ਦਹਾਕਾ ਪਹਿਲਾਂ ਉਨ੍ਹਾਂ ਨੂੰ ਘੱਟ ਰੇਟ 'ਤੇ ਵੀ ਸਾਮਾਨ ਵੇਚ ਕੇ ਚੰਗਾ ਮੁਨਾਫਾ ਹੋ ਜਾਂਦਾ ਸੀ ਪਰ ਹੁਣ ਭਾਵੇਂ ਸਾਮਾਨ ਦੇ ਭਾਅ ਵਧ ਗਏ ਹਨ ਪਰ ਉਨ੍ਹਾਂ ਦੇ ਮੁਨਾਫੇ ਨੂੰ ਵੱਲਾ ਖੋਰਾ ਲੱਗਿਆ ਹੈ।

ਉਸ ਨੇ ਦੱਸਿਆ ਕਿ ਹੁਣ ਹੱਕ ਵਾਲੇ ਚੱਕ ਦੀ ਥਾਂ 'ਤੇ ਬਿਜਲੀ ਮੋਟਰ ਵਾਲਾ ਚੱਕ ਜ਼ਿਆਦਾਤਰ ਵਰਤਿਆ ਜਾਂਦਾ ਹੈ, ਜਿਸ ਨਾਲ ਬਿਜਲੀ ਦੀ ਵੀ ਕਾਫੀ ਵਰਤੋਂ ਹੁੰਦੀ ਹੈ। ਮਿੱਟੀ ਦੇ ਬਰਤਨ, ਦੀਵੇ ਅਤੇ ਹੋਰ ਸਾਮਾਨ ਬਣਾਉਣ ਲਈ ਖਾਸ ਕਿਸਮ ਦੀ ਚੀਕਣੀ ਮਿੱਟੀ ਵਰਤੀ ਜਾਂਦੀ ਹੈ, ਜੋ ਕਿਸੇ ਸਮੇਂ ਆਸਾਨੀ ਨਾਲ ਉਪਲਬਧ ਹੋ ਜਾਂਦੀ ਸੀ ਅਤੇ ਮੁਫਤ ਜਾਂ ਨਾਮਾਤਰ ਖਰਚੇ 'ਤੇ ਮਿਲ ਜਾਂਦੀ ਸੀ, ਪਰ ਹੁਣ ਇਹ ਮਿੱਟੀ ਕਾਫੀ ਮਹਿੰਗੀ ਮਿਲਦੀ ਹੈ। ਉੱਥੇ ਹੀ ਵੱਡੀ ਗਿਣਤੀ 'ਚ ਕਈ ਪਰਜਾਪਤਾਂ ਨਾਲ ਸਬੰਧਤ ਲੋਕਾਂ ਨੇ ਆਪਣੀ ਮਾੜੀ ਆਰਥਿਕ ਹਾਲਤ ਅਤੇ ਇਸ ਨੂੰ ਵਿਸਾਰੇ ਜਾਣ ਦੇ ਸਬੰਧ 'ਚ ਸਮੇਂ-ਸਮੇਂ ਦੀਆ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਦੇ ਸਰਕਾਰਾਂ ਨੇ ਬਾਂਹ ਨਹੀਂ ਫੜੀ, ਜਿਸ ਕਾਰਣ ਆਉਣ ਵਾਲੀਆਂ ਪੀੜ੍ਹੀਆਂ ਇਸ ਕਿੱਤੇ ਤੋਂ ਆਪਣਾ ਮੂੰਹ ਮੋੜ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ 'ਤੇ ਵੀ ਸਰਕਾਰਾਂ ਵੱਲੋਂ ਧਿਆਨ ਦਿੱਤਾ ਜਾਵੇ।

ਕਾਰੀਗਰਾਂ ਦੀ ਘੱਟੀ ਗਿਣਤੀ
ਭਾਵੇਂ ਕਿਸੇ ਸਮੇਂ ਦੀਵਾਲੀ ਵੇਲੇ ਲੋਕ ਜ਼ਿਆਦਾ ਮਿੱਟੀ ਦੇ ਦੀਵਿਆਂ ਨੂੰ ਮਹੱਤਤਾ ਦਿੰਦੇ ਸਨ ਪਰ ਚਾਈਨਾ ਸਾਮਾਨ ਨੇ ਬਾਜ਼ਾਰਾਂ 'ਚ ਆਪਣੇ ਪੈਰ-ਪਸਾਰ ਲਏ ਹਨ, ਜਿਸ ਨਾਲ ਮਿੱਟੀ ਦੇ ਭਾਂਡਿਆਂ ਦਾ ਕੰਮ ਕਾਫੀ ਘੱਟ ਗਿਆ ਹੈ ਅਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਗਿਣਤੀ ਦਿਨੋ-ਦਿਨ ਘੱਟਦੀ ਜਾ ਰਹੀ ਹੈ।

ਪਿਤਾ-ਪੁਰਖੀ ਕਿੱਤੇ ਤੋਂ ਪਾਸਾ ਵੱਟ ਰਹੇ ਨੇ ਬੱਚੇ
ਕੁਝ ਸਾਲ ਪਹਿਲਾਂ ਦੀਵਾਲੀ ਦੇ ਦਿਨਾਂ 'ਚ ਕਈ ਦਿਨ ਪਹਿਲਾਂ ਹੀ ਪਰਜਾਪਤ ਮਿੱਟੀ ਦੇ ਦੀਵੇ ਅਤੇ ਹੋਰ ਭਾਂਡੇ ਬਣਾ ਕੇ ਪਿੰਡਾਂ 'ਚ ਵੇਚਦੇ ਸਨ, ਜਿਸ ਨਾਲ ਉਨ੍ਹਾਂ ਨੂੰ ਮੋਟੀ ਕਮਾਈ ਹੋ ਜਾਂਦੀ ਸੀ, ਪਰ ਜਦ ਇਹ ਸੌਦਾ ਹੁਣ ਚਾਈਨਾ ਦੇ ਸਾਮਾਨ ਕਾਰਣ ਘਾਟੇ ਵਾਲਾ ਹੋ ਗਿਆ ਤਾਂ ਉਸ ਨੂੰ ਦੇਖਦਿਆਂ ਨਵੀਂ ਪੀੜ੍ਹੀ ਨੇ ਇਸ ਕੰਮ ਤੋਂ ਪਾਸਾ ਵੱਟ ਲਿਆ ਹੈ ਅਤੇ ਪਿਤਾ-ਪੁਰਖੀ ਕਿੱਤਾ ਅਪਨਾਉਣ ਤੋਂ ਮਨ੍ਹਾਂ ਕਰ ਗਏ ਹਨ।

ਲੋਕ ਚੀਨੀ ਸਾਮਾਨ ਨੂੰ ਦੇਣ ਲੱਗੇ ਜ਼ਿਆਦਾ ਤਰਜੀਹ
ਅੱਜ ਤੋਂ ਪਹਿਲਾਂ ਸਿਰਫ ਦੀਵਿਆਂ ਦਾ ਰਿਵਾਜ਼ ਸੀ ਪਰ ਹੁਣ ਬਾਜ਼ਾਰ 'ਚ ਚੀਨੀ ਸਾਮਾਨ ਦੀਵਿਆਂ ਨਾਲੋਂ ਸਸਤੀ ਕੀਮਤ 'ਤੇ ਉਪਲਬਧ ਹੈ, ਜਿਸ ਕਾਰਣ ਲੋਕ ਮਿੱਟੀ ਦੇ ਦੀਵੇ ਬਾਲਣ ਤੋਂ ਗੁਰੇਜ਼ ਕਰਦੇ ਹੋਏ ਚੀਨੀ ਸਾਮਾਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।

ਪਰਜਾਪਤ ਮੁੱਲ ਲੈ ਕੇ ਸਾਮਾਨ ਲੱਗੇ ਵੇਚਣ
ਭਾਂਵੇਂ ਪਹਿਲਾਂ ਲੋਕ ਮਿਹਨਤ ਕਰਦੇ ਸਨ, ਜਿਸ ਨਾਲ ਜਿਥੇ ਉਨ੍ਹਾਂ ਦੇ ਪੈਸੇ ਵੀ ਬਣਦੇ ਸਨ ਉਥੇ ਮਿਹਨਤ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਸੀ ਪਰ ਹੁਣ ਕਈ ਜੱਦੀ ਪਰਜਾਪਤ ਜੋ ਇਸ ਪੇਸ਼ੇ ਨਾਲ ਜੁੜੇ ਹੋਏ ਤਾਂ ਜ਼ਰੂਰ ਹਨ ਪਰ ਮਿੱਟੀ ਦੇ ਭਾਂਡੇ ਬਣਾਉਣ ਦੀ ਬਜਾਏ ਉਹ ਆਪ ਮੁੱਲ ਲੈ ਕੇ ਫਿਰ ਉਸ ਨੂੰ ਅੱਗੇ ਵੇਚਦੇ ਹਨ, ਜਿਸ ਕਾਰਣ ਇਹ ਕੰਮ ਹੌਲੀ-ਹੌਲੀ ਘੱਟਦਾ ਇਕ ਦਿਨ ਬਿਲਕੁਲ ਹੀ ਬੰਦ ਹੋ ਜਾਵੇਗਾ।


Baljeet Kaur

Content Editor

Related News