ਬਰਤਨ ਸਟੋਰ ਨੂੰ ਲੱਗੀ ਭਿਆਨਕ ਅੱਗ ਕਾਰਨ ਸਮਾਨ ਸੜ ਕੇ ਸੁਆਹ

Saturday, Dec 28, 2019 - 11:23 AM (IST)

ਬਰਤਨ ਸਟੋਰ ਨੂੰ ਲੱਗੀ ਭਿਆਨਕ ਅੱਗ ਕਾਰਨ ਸਮਾਨ ਸੜ ਕੇ ਸੁਆਹ

ਖਰੜ (ਰਣਬੀਰ/ਅਮਰਦੀਪ/ਸ਼ਸ਼ੀ) : ਬੀਤੇ ਦਿਨ ਤੜਕੇ ਖਰੜ-ਲਾਂਡਰਾਂ ਰੋਡ 'ਤੇ ਸਥਿਤ ਇਕ ਬਰਤਨ ਸਟੋਰ ਅੰਦਰ ਅਚਾਨਕ ਅੱਗਜਨੀ ਦੀ ਘਟਨਾ ਵਾਪਰਨ ਕਾਰਨ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਫੌਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਵੱਲੋਂ ਮੌਕੇ 'ਤੇ ਪੁੱਜ ਕੇ ਬੜੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਪਲ ਕਰੋਕਰੀ ਸਟੋਰ ਦੇ ਮਾਲਕ ਸੰਜੀਵ ਕੁਮਾਰ ਉੱਪਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਉਨ੍ਹਾਂ ਆਪਣੀ ਦੁਕਾਨ ਰਾਤ ਕਰੀਬ 10 ਵਜੇ ਬੰਦ ਕੀਤੀ ਸੀ ਪਰ ਅੱਜ ਸਵੇਰੇ 6 ਵਜੇ ਉਨ੍ਹਾਂ ਨੂੰ ਇਸ ਘਟਨਾ ਦੀ ਕਿਸੇ ਜਾਣਕਾਰ ਪਾਸੋਂ ਸੂਚਨਾ ਮਿਲੀ।
ਮੌਕੇ 'ਤੇ ਜਾ ਦੇਖਿਆ ਤਾਂ ਅੱਗ ਦੀਆਂ ਲਪਟਾਂ ਪੂਰੀ ਦੁਕਾਨ ਅੰਦਰ ਫੈਲ ਚੁੱਕੀਆਂ ਸਨ। ਮੌਕੇ 'ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਉਨ੍ਹਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰਾ ਕੁਝ ਹੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸੁਆਹ ਹੋ ਗਿਆ। ਅੱਗ ਦੀਆਂ ਲਪਟਾਂ ਇਸ ਤੋਂ ਪਹਿਲਾਂ ਕਿ ਆਸ-ਪਾਸ ਮੌਜੂਦ ਘਰਾਂ ਤੱਕ ਪੁੱਜਦੀਆਂ, ਫੌਰੀ ਫਾਇਰ ਬ੍ਰਿਗੇਡ ਖਰੜ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਜਿੱਥੋਂ ਪੁੱਜੀਆਂ ਕੁੱਲ 5 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਕਾਫੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਉਣ ਚ ਕਾਮਯਾਬੀ ਮਿਲੀ।
ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਪਿਆ ਵੱਡੀ ਮਾਤਰਾ ਚ ਸਾਮਾਨ, ਸਟਾਕ ਨਾਲ ਸਬੰਧਤ ਦਸਤਾਵੇਜ਼, ਥੋੜ੍ਹੀ-ਬਹੁਤ ਨਕਦੀ ਸੜ ਕੇ ਸਵਾਹ ਹੋ ਗਏ। ਇਸ ਘਟਨਾ ਕਾਰਨ ਉਨ੍ਹਾਂ ਨੂੰ ਕਿੰਨਾ ਨੁਕਸਾਨ ਵਿੱਤੀ ਤੌਰ ਉੱਤੇ ਪੁੱਜਾ ਹੈ, ਇਸ ਦਾ ਦੁਕਾਨਦਾਰ ਨੂੰ ਅਜੇ ਕੋਈ ਅਨੁਮਾਨ ਨਹੀਂ ਸੀ ਲੱਗਾ। ਇਸ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਕੇ ਅੱਗ ਲੱਗਣ ਪਿੱਛੇ ਅਸਲੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News