ਕਰਜ਼ੇ ਤੋਂ ਪਰੇਸ਼ਾਨ 4 ਭੈਣਾਂ ਦੇ ਇਕਲੌਤੇ ਭਰਾ ਨੇ ਮੌਤ ਨੂੰ ਲਾਇਆ ਗਲੇ
Friday, Sep 13, 2019 - 02:27 PM (IST)

ਬਰਨਾਲਾ (ਕਮਲਜੀਤ) - ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਵਲੋਂ ਖੁਦਕੁਸ਼ੀ ਕਰ ਲੈਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਬਰਨਾਲਾ ਜ਼ਿਲੇ 'ਚ ਪਿਛਲੇ 2 ਦਿਨ ਤੋਂ 2 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਅਜਿਹੀ ਹੀ ਇਕ ਹੋਰ ਮਾਮਲਾ ਮੁੜ ਬਰਨਾਲਾ ਜ਼ਿਲੇ ਦੇ ਪਿੰਡ ਉਗੇਕੇ ਦਾ ਸਾਹਮਣੇ ਆਇਆ ਹੈ, ਜਿਥੇ 24 ਸਾਲ ਦੇ ਨੌਜਵਾਨ ਦੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਪੁੱਤਰ ਮਿੱਠੂ ਸਿੰਘ ਵਜੋਂ ਹੋਈ ਹੈ, ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2 ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਅਤੇ ਉਸ ਦੇ ਸਿਰ 'ਤੇ 8 ਲੱਖ ਰੁਪਏ ਤੱਕ ਦਾ ਕਰਜ਼ਾ ਸੀ। ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਅਗਲੇ ਮਹੀਨੇ ਉਸ ਦੀ ਇਕ ਭੈਣ ਦਾ ਵਿਆਹ ਵੀ ਹੈ। ਵਿਆਹ 'ਚ ਦਾਜ ਦੇਣ ਲਈ ਉਸ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ ਸਦਕਾ ਉਸ ਨੇ 9 ਸਤੰਬਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਅਤੇ ਅੱਜ ਉਸ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ।