ਗਊਸ਼ਾਲਾ ਦੇ ਮੁਖੀ ਨੇ ਟਿੱਬੀ ਸਾਹਿਬ ਗੁਰਦੁਆਰੇ ਦੇ ਸੰਤ ਦਾ ਕੀਤਾ ਕਤਲ

Tuesday, Dec 11, 2018 - 10:00 AM (IST)

ਗਊਸ਼ਾਲਾ ਦੇ ਮੁਖੀ ਨੇ ਟਿੱਬੀ ਸਾਹਿਬ ਗੁਰਦੁਆਰੇ ਦੇ ਸੰਤ ਦਾ ਕੀਤਾ ਕਤਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਸੰਘੇੜਾ ਗਊਸ਼ਾਲਾ ਦੇ ਮੁਖੀ ਸੰਤ ਨੇ ਪੈਸਿਆਂ ਦੇ ਲਾਲਚ 'ਚ ਆਪਣੇ ਭਰਾ ਅਤੇ ਸੇਵਾਦਾਰ ਨਾਲ ਮਿਲ ਕੇ ਇਕ ਸੰਤ ਦਾ ਕਤਲ ਕਰ ਦਿੱਤਾ। ਸੰਤ ਦਾ ਕਤਲ ਕਰ ਕੇ ਲਾਸ਼ ਨੂੰ ਗਊਸ਼ਾਲਾ ਦੇ ਅੰਦਰ ਹੀ ਦੱਬ ਦਿੱਤਾ। ਜਗਰਾਓਂ ਪੁਲਸ ਨੇ ਐੱਸ. ਪੀ. ਰੁਪਿੰਦਰ ਭਾਰਦਵਾਜ ਦੀ ਅਗਵਾਈ ਹੇਠ ਬਰਨਾਲਾ ਪੁਲਸ ਅਤੇ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਦੋਸ਼ੀ ਸੰਤ, ਉਸ ਦੇ ਭਰਾ ਅਤੇ ਸੇਵਾਦਾਰ ਤੋਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪਿੰਡ ਰਤਨਾ ਜ਼ਿਲਾ ਲੁਧਿਆਣਾ ਟਿੱਬਾ ਗੁਰਦੁਆਰਾ ਸਾਹਿਬ ਦੇ ਮੁਖੀ ਅਜੈਬ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ।

ਗੱਡੀ 'ਚ ਬਿਠਾ ਕੇ ਸੰਤ ਅਜੈਬ ਸਿੰਘ ਨੂੰ ਲੈ ਕੇ ਆਇਆ ਸੀ ਦਿਆ ਸਿੰਘ :
ਜਾਣਕਾਰੀ ਦਿੰਦਿਆਂ ਜ਼ਿਲਾ ਜਗਰਾਓਂ ਪੁਲਸ ਦੇ ਐੱਸ. ਪੀ. ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ 4 ਦਸੰਬਰ ਨੂੰ ਸੰਘੇੜੇ ਗਊਸ਼ਾਲਾ ਦੇ ਮੁਖੀ ਭੋਲਾ ਸਿੰਘ ਦਾ ਸੰਤ ਅਜੈਬ ਸਿੰਘ ਨੂੰ ਫੋਨ ਆਇਆ ਕਿ ਤੁਸੀਂ ਸੰਘੇੜਾ ਗਊਸ਼ਾਲਾ ਆ ਜਾਓ ਤੁਹਾਨੂੰ ਅਸੀਂ ਕਾਰ ਸੇਵਾ ਦੇਣੀ ਹੈ। ਸੰਤ ਅਜੈਬ ਸਿੰਘ ਨੂੰ ਲੈਣ ਵਾਸਤੇ ਸੰਤ ਭੋਲਾ ਸਿੰਘ ਨੇ ਆਪਣਾ ਸੇਵਾਦਾਰ ਦਿਆ ਸਿੰਘ ਨੂੰ ਪਿੰਤ ਰਤਨਾ ਵਿਖੇ ਭੇਜ ਦਿੱਤਾ। ਉਹ ਸੰਤ ਨੂੰ ਗੱਡੀ 'ਚ ਬਿਠਾ ਕੇ ਸੰਘੇੜਾ ਗਊਸ਼ਾਲਾ ਵਿਖੇ ਲੈ ਆਇਆ ਅਤੇ ਇਕ ਕਮਰੇ 'ਚ ਸੰਤ ਅਜੈਬ ਸਿੰਘ ਨੂੰ ਬੰਦੀ ਬਣਾ ਲਿਆ। ਰਾਤ ਸਮੇਂ ਸੰਤ ਭੋਲਾ ਸਿੰਘ ਉਸ ਦੇ ਭਰਾ ਬਲਵੀਰ ਸਿੰਘ ਬੀਰਾ ਅਤੇ ਸੇਵਾਦਾਰ ਦਿਆ ਸਿੰਘ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕੁਝ ਨਹੀਂ ਤਾਂ ਪਹਿਲਾਂ ਸੰਤ ਅਜੈਬ ਸਿੰਘ ਨੂੰ ਇਨ੍ਹਾਂ ਨੇ ਜ਼ਹਿਰੀਲਾ ਟੀਕਾ ਲਾ ਦਿੱਤਾ। ਜਦੋਂ ਫਿਰ ਵੀ ਇਨ੍ਹਾਂ ਦੀ ਮੌਤ ਨਾ ਹੋਈ ਤਾਂ ਫਿਰ ਉਨ੍ਹਾਂ ਦੇ ਸਿਰ 'ਤੇ ਰਾਡ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਹਿਲਾਂ ਤੋਂ ਹੀ ਗਊਸ਼ਾਲਾ 'ਚ ਪੁੱਟੇ ਟੋਏ 'ਚ ਉਨ੍ਹਾਂ ਦੀ ਲਾਸ਼ ਨੂੰ ਸੁੱਟ ਦਿੱਤਾ।

ਸੇਵਾਦਾਰਾਂ ਨੇ 6 ਦਸੰਬਰ ਨੂੰ ਦਰਜ ਕਰਵਾਈ ਸੀ ਸੰਤ ਅਜੈਬ ਸਿੰਘ ਦੀ ਗੁੰਮਸ਼ੁਦਾ ਦੀ ਰਿਪੋਰਟ :
ਸੰਤ ਅਜੈਬ ਸਿੰਘ ਦੀ ਉਨ੍ਹਾਂ ਦੇ ਸੇਵਾਦਾਰ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਸੰਤ ਅਜੈਬ ਸਿੰਘ 4 ਦਸੰਬਰ ਤੋਂ ਗਾਇਬ ਹਨ। ਪੁਲਸ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਨੰਬਰ ਟਰੇਸ ਕਰਨ ਤੋਂ ਬਾਅਦ ਉਨ੍ਹਾਂ ਦਾ ਫੋਨ ਪਿੰਡ ਸਹਿਜੜਾ ਦੀ ਟਾਵਰ ਲੋਕੇਸ਼ਨ ਤੋਂ ਬਾਅਦ ਬੰਦ ਆ ਰਿਹਾ ਸੀ। ਦਿਆ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ। 5 ਦਸੰਬਰ ਨੂੰ ਜਦੋਂ ਸੇਵਾਦਾਰਾਂ ਨੇ ਸੰਤ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਦੋਸ਼ੀਆਂ ਵਲੋਂ ਕਿਹਾ ਗਿਆ ਕਿ ਸੰਤ ਬੀਮਾਰ ਹਨ ਬਾਅਦ 'ਚ ਗੱਲ ਕਰਾਵਾਂਗੇ। ਜਦੋਂ 6 ਦਸੰਬਰ ਤੱਕ ਵੀ ਸੰਤ ਵਾਪਸ ਨਾ ਆਏ ਤਾਂ ਪੁਲਸ ਨੇ ਦਿਆ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਤਾਂ ਸਾਰੀ ਘਟਨਾ ਸਾਹਮਣੇ ਆ ਗਈ। ਪੁਲਸ ਨੇ ਸੰਤ ਭੋਲਾ ਸਿੰਘ ਅਤੇ ਉਸ ਦੇ ਭਰਾ ਬਲਵੀਰ ਸਿੰਘ ਬੀਰਾ ਨੂੰ ਵੀ ਹਿਰਾਸਤ 'ਚ ਲੈ ਲਿਆ ਅਤੇ ਪੁੱਛਗਿਛ ਕਰਨ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ ਸੰਤ ਦਾ ਕਤਲ ਕਰ ਕੇ ਲਾਸ਼ ਨੂੰ ਗਊਸ਼ਾਲਾ 'ਚ ਦੱਬ ਦਿੱਤਾ ਹੈ। ਬੀਤੇ ਦਿਨ ਭਾਰੀ ਪੁਲਸ ਫੋਰਸ ਨਾਲ ਲੈ ਕੇ ਜਗਰਾਉਂ ਪੁਲਸ ਅਤੇ ਬਰਨਾਲਾ ਪੁਲਸ ਨੇ ਲਾਸ਼ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ 'ਚ ਲੈ ਲਿਆ। ਗੱਲਬਾਤ ਕਰਦਿਆਂ ਐੱਸ. ਪੀ. ਜਗਰਾਉਂ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਦੋਸ਼ੀ ਸੰਤ ਭੋਲਾ ਸਿੰਘ, ਉਸ ਦੇ ਭਰਾ ਬਲਵੀਰ ਸਿੰਘ ਬੀਰਾ ਅਤੇ ਸੇਵਾਦਾਰ ਦਿਆ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਇਸ ਮਾਮਲੇ 'ਚ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

ਜਦੋਂ ਇਸ ਸਬੰਧ 'ਚ ਸੰਤ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਗਈ ਕਿ ਇਹ ਘਟਨਾ ਕਿਵੇਂ ਵਾਪਰ ਗਈ ਤਾਂ ਰੋਂਦਿਆਂ ਹੋਇਆਂ ਉਸ ਨੇ ਕਿਹਾ ਕਿ ਲਾਲਚ ਵਸ ਮਨ 'ਚ ਪਾਪ ਆ ਗਿਆ ਸੀ ਅਤੇ ਇਹ ਘਟਨਾ ਵਾਪਰ ਗਈ। ਸੇਵਾਦਾਰ ਦਿਆ ਸਿੰਘ ਨੇ ਕਿਹਾ ਕਿ ਸੰਤ ਭੋਲਾ ਸਿੰਘ ਨੇ ਹੀ ਸੰਤ ਅਜੈਬ ਸਿੰਘ ਨੂੰ ਬੰਦੀ ਬਣਾ ਕੇ ਰੱਖਿਆ ਸੀ। ਇਸ ਮੌਕੇ 'ਤੇ ਐੱਸ. ਡੀ.ਐੱਮ. ਸੰਦੀਪ ਕੁਮਾਰ, ਡੀ. ਐੱਸ. ਪੀ. ਰਾਜੇਸ਼ ਛਿੱਬਰ, ਤਹਿਸੀਲਦਾਰ ਹਰਬੰਸ ਸਿੰਘ, ਥਾਣਾ ਸਿਟੀ ਦੇ ਇੰਚਾਰਜ ਗੁਰਵੀਰ ਸਿੰਘ ਵੀ ਹਾਜ਼ਰ ਸਨ।


author

cherry

Content Editor

Related News