ਮੈਡੀਕਲ ਸਟੋਰ ’ਤੇ ਪੁਲਸ ਦਾ ਛਾਪਾ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ 3 ਗ੍ਰਿਫਤਾਰ
03/03/2020 2:28:31 PM

ਬਰਨਾਲਾ (ਪੁਨੀਤ ਮਾਨ) - ਬਰਨਾਲਾ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ, ਜਦੋਂ ਉਨ੍ਹਾਂ ਨੇ ਸ਼ਹਿਰ ’ਚ ਇਕ ਮੈਡੀਕਲ ਸਟੋਰ ’ਤੇ ਜਾ ਕੇ ਅਚਨਚੇਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੇ 8700 ਨਸ਼ੀਲੀਆਂ ਗੋਲੀਆਂ, 5 ਲੱਖ ਦੇ ਕਰੀਬ ਡਰੱਗ ਮਨੀ ਅਤੇ 1 ਇਨੋਵਾ ਕਾਰ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ’ਚੋਂ ਇਕ ਵਿਅਕਤੀ ਬਰਨਾਲਾ ਦੀਆਂ 2 ਮਸ਼ਹੂਰ ਸਿੱਖਿਆ ਸੰਸਥਾਵਾਂ ਦਾ ਮਾਲਕ ਹੈ। ਦੱਸ ਦੇਈਏ ਕਿ ਇਸ ਮੈਡੀਕਲ ਸਟੋਰ ਦਾ ਨਾਂ ਬੀਰੂ ਰਾਮ ਠਾਕੁਰ ਮੈਡੀਕਲ ਸਟੋਰ ਹੈ, ਜੋ ਬਰਨਾਲਾ ਦਾ ਕਾਫ਼ੀ ਵੱਡਾ ਕੈਮਿਸਟ ਸਟੋਰ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੁਲਸ ਨੇ ਇਕ ਮੁਲਜ਼ਮ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਉਕਤ ਮੈਡੀਕਲ ਸਟੋਰ ਤੋਂ ਲਿਆਉਂਦਾ ਹੈ। ਇਸੇ ਕਰਕੇ ਉਨ੍ਹਾਂ ਵਲੋਂ ਇਸ ਮੈਡੀਕਲ ਸਟੋਰ ਦੀ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੇ ਹੱਥ ਸਫਲਤਾ ਲੱਗੀ। ਫ਼ਿਲਹਾਲ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਿਲ ਕਰ ਲਿਆ ਹੈ, ਜਿਸ ਸਮੇਂ ਉਨ੍ਹਾਂ ਤੋਂ ਇਸ ਮਾਮਲੇ ਦੇ ਸਬੰਧ ’ਚ ਪੁੱਛ-ਗਿੱਛ ਕੀਤੀ ਜਾਵੇਗੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਰਨਾਲਾ ਦੇ ਡੀ.ਐਸ.ਪੀ ਆਰ.ਐੱਸ ਦਿਓਲ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ ਮੁੱਕਦਮਾ ਦਰਜ ਕਰਨ ਮਗਰੋਂ ਲੋਂੜੀਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹ ਪੜਤਾਲ ਕਰ ਰਹੇ ਹਨ ਉਕਤ ਮੁਲਜ਼ਮ ਇਹ ਦਵਾਈਆਂ ਕਿੱਥੋ ਲਿਆਉਂਦੇ ਹਨ ਅਤੇ ਕਿਸ-ਕਿਸ ਨੂੰ ਵੇਚਦੇ ਹਨ।