ਬਰਨਾਲਾ 'ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼, ਇਲਾਕਾ ਕੀਤਾ ਗਿਆ ਸੀਲ
Friday, Mar 20, 2020 - 01:51 PM (IST)
ਬਰਨਾਲਾ (ਵਿਵੇਕ) : ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ 'ਚ ਸਾਹਮਣੇ ਆਇਆ ਹੈ, ਜਿਥੇ ਦੋ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਚੱਲਦਿਆ ਪ੍ਰਸ਼ਾਸਨ ਵਲੋਂ ਇੱਥੋਂ ਦੇ 22 ਏਕੜ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ
ਦੱਸਿਆ ਜਾ ਰਿਹਾ ਹੈ ਸ਼ਹਿਰ ਬਰਨਾਲਾ ਦੀ ਇਕ ਔਰਤ ਅਤੇ ਇਕ ਹੋਰ ਵਿਅਕਤੀ ਜੋ ਕੁਝ ਚਿਰ ਪਹਿਲਾਂ ਹੀ ਦੁਬਈ ਤੋਂ ਵਾਪਸ ਆਏ ਸਨ, ਨੂੰ ਕੋਰੋਨਾਵਾਇਰਸ ਸਬੰਧੀ ਸ਼ੱਕ ਦੇ ਆਧਾਰ 'ਤੇ ਸਿਵਲ ਹਸਪਤਾਲ ਬਰਨਾਲਾ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਦੋਨੋਂ ਮਰੀਜ਼ਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ, ਜਿਸ ਦੀ ਦੋ ਦਿਨਾਂ 'ਚ ਰਿਪੋਰਟ ਆ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ : ਡੇਰਾ ਬਿਆਸ ਦੇ ਰਿਹਾਇਸ਼ੀ ਵੀ ਨਹੀਂ ਜਾ ਸਕਣਗੇ ਬਾਹਰ
ਇਥੇ ਦੱਸ ਦੇਈਏ ਕਿ ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਇਥੇ 3 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਇਸ ਦੇ ਚੱਲਦਿਆ ਪੰਜਾਬ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਅੱਜ ਰਾਤ ਤੋਂ ਬੰਦ ਕਰ ਦਿੱਤੀ ਜਾਵੇਗਾ। ਇਸ ਤੋਂ ਇਲਾਵਾ ਸਾਰੇ ਸਿਨੇਮਾ ਘਰ, ਸ਼ਾਪਿੰਗ ਮਾਲ, ਜਿੰਮ, ਕੋਚਿੰਗ ਸੈਂਟਰ ਬੰਦ ਕਰ ਦਿੱਤੇ ਗਏ ਹਨ।