'ਭਾਰਤ ਬੰਦ' ਦੀ ਕਾਲ ਦੌਰਾਨ ਬਰਨਾਲਾ ਪੂਰੀ ਤਰ੍ਹਾਂ ਬੰਦ, ਸਪੀਕਰਾਂ 'ਤੇ ਕੀਤਾ ਜਾ ਰਿਹਾ ਐਲਾਨ

Friday, Feb 16, 2024 - 01:50 PM (IST)

'ਭਾਰਤ ਬੰਦ' ਦੀ ਕਾਲ ਦੌਰਾਨ ਬਰਨਾਲਾ ਪੂਰੀ ਤਰ੍ਹਾਂ ਬੰਦ, ਸਪੀਕਰਾਂ 'ਤੇ ਕੀਤਾ ਜਾ ਰਿਹਾ ਐਲਾਨ

ਬਰਨਾਲਾ (ਪੁਨੀਤ) : 'ਸੰਯੁਕਤ ਕਿਸਾਨ ਮੋਰਚਾ' ਦੇ ਸੱਦੇ 'ਤੇ ਬਰਨਾਲਾ ਜ਼ਿਲ੍ਹੇ 'ਚ 'ਭਾਰਤ ਬੰਦ' ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਇਸ ਬੰਦ ਦੇ ਸੱਦੇ ਨੂੰ ਸ਼ਹਿਰ ਦੇ ਵਪਾਰੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਦੇ ਮੱਦੇਨਜ਼ਰ ਬੱਸ ਅੱਡੇ, ਸਬਜ਼ੀ ਮੰਡੀ, ਦਾਣਾ ਮੰਡੀ, ਆਈਲੈੱਟਸ ਮਾਰਕਿਟ, ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਢਿਆਇਆ ਬਾਜ਼ਾਰ, ਕੱਚਾ ਕਾਲਜ ਰੋਡ ਪੂਰੀ ਤਰ੍ਹਾਂ ਬੰਦ ਰਿਹਾ। ਕਿਸਾਨ ਜੱਥੇਬੰਦੀਆਂ ਵੱਲੋਂ ਵੱਖ-ਵੱਖ ਰਾਜ ਅਤੇ ਕੌਮੀ ਮਾਰਗਾਂ ’ਤੇ ਧਰਨੇ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸ਼ਹਿਰ 'ਚ ਮੁੱਖ ਰੋਸ ਪ੍ਰਦਰਸ਼ਨ ਜਿੱਥੇ ਰੇਲਵੇ ਸਟੇਸ਼ਨ ਨੇੜੇ ਨਹਿਰੂ ਚੌਂਕ 'ਚ ਹੈ, ਉੱਥੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ 'ਭਾਰਤ ਬੰਦ' ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਰਗਰਮ ਹਨ।

ਇਹ ਵੀ ਪੜ੍ਹੋ : 'ਭਾਰਤ ਬੰਦ' ਵਿਚਾਲੇ PSEB ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ Advisory ਜਾਰੀ

ਇੱਥੇ ਕਿਸਾਨ, ਵਪਾਰੀ, ਮੁਲਾਜ਼ਮ ਅਤੇ ਹੋਰ ਜੱਥੇਬੰਦੀਆਂ ਇੱਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ 'ਚ 'ਭਾਰਤ ਬੰਦ' ਨੂੰ ਲੈ ਕੇ ਸਪੀਕਰ 'ਤੇ ਐਲਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਨੇ ਕਿਹਾ ਕਿ ਸਮੂਹ ਵਪਾਰੀਆਂ ਨੇ 'ਭਾਰਤ ਬੰਦ' ਦਾ ਸਮਰਥਨ ਕੀਤਾ ਹੈ। ਬਰਨਾਲਾ 'ਚ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਵਪਾਰਕ ਜੱਥੇਬੰਦੀਆਂ ਕਿਸਾਨਾਂ ਦੇ ਨਾਲ ਹਨ। ਇਸ ਮੌਕੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਵਪਾਰਕ ਜੱਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜੱਥੇਬੰਦੀਆਂ, ਮੁਲਾਜ਼ਮ, ਵਪਾਰੀ, ਮੁਲਾਜ਼ਮ, ਵਿਦਿਆਰਥੀਆਂ ਸਮੇਤ ਹਰ ਤਰ੍ਹਾਂ ਦੀਆਂ ਜੱਥੇਬੰਦੀਆਂ ਨੇ 16 ਫਰਵਰੀ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਈ ਥਾਵਾਂ 'ਤੇ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਤਾਂ ਕਿਤੇ ਪੂਰਨ ਤੌਰ 'ਤੇ ਖੁੱਲ੍ਹੇ ਬਾਜ਼ਾਰ (ਤਸਵੀਰਾਂ)

ਇਹ 'ਭਾਰਤ ਬੰਦ' ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਹੈ। ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਦੇਸ਼ ਦਾ ਹਰ ਵਰਗ ਪਰੇਸ਼ਾਨ ਹੈ। ਇਸ ਕਾਰਨ ਅੱਜ ਪੂਰਾ ਦੇਸ਼ ਆਪਣੇ ਕਾਰੋਬਾਰ ਬੰਦ ਕਰਕੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਭਾਰਤ ਬੰਦ ਦਾ ਪੂਰਾ ਅਸਰ ਬਰਨਾਲਾ 'ਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 6 ਮੁੱਖ ਸੜਕਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਬੰਦ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਹੀ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News