80 ਫੀਸਦੀ ਅਕਾਲੀ ਵਰਕਰ ਢੀਂਡਸਾ ਪਰਿਵਾਰ ਨਾਲ : ਪਰਮਿੰਦਰ
Thursday, Jan 30, 2020 - 05:31 PM (IST)

ਬਰਨਾਲਾ (ਪੁਨੀਤ ਮਾਨ) : ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਰਨਾਲਾ ਦੇ ਪਿੰਡ ਮਹਿਲਕਲਾਂ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਪੁਰਾਣੇ ਸਮੇਂ ਤੋਂ ਚੱਲ ਰਹੀ ਸ਼੍ਰੋਮਣੀ ਅਕਲੀ ਦਲ ਪਾਰਟੀ ਨਾਲ ਲੋਕ ਅੱਜ ਵੀ ਪਿਆਰ ਕਰਦੇ ਹਨ ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋ ਰਹੀ ਹੈ। ਲੋਕ ਇਸ ਗੱਲ ਤੋਂ ਨਿਰਾਸ਼ ਹੋ ਕੇ ਪਾਰਟੀ ਤੋਂ ਪਿੱਛੇ ਹੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ 80 ਫੀਸਦੀ ਵਰਕਰ ਉਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨਾਲ ਸਹਿਮਤ ਵੀ ਹਨ। ਅੱਜ ਇਸੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਅਤੇ ਉਸ ਦੀ ਮਰਿਆਦਾ ਨੂੰ ਵਾਪਸ ਲਿਆਉਣ ਲਈ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਨੇਤਾਵਾਂ ਅਤੇ ਸਮਰਥਕਾਂ ਦਾ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਪਾਰਟੀ ਨੂੰ ਖਤਮ ਕਰਨਾ ਨਹੀਂ ਹੈ। ਸਾਡਾ ਉਦੇਸ਼ ਬਾਦਲ ਪਰਿਵਾਰ ਤੋਂ ਇਸ ਪਾਰਟੀ ਨੂੰ ਆਜ਼ਾਦ ਕਰਾਉਣਾ ਹੈ।
2 ਫਰਵਰੀ ਨੂੰ ਅਕਾਲੀ ਦਲ ਬਾਦਲ ਵੱਲੋਂ ਸੰਗਰੂਰ ਵਿਚ ਰੱਖੀ ਗਈ ਰੈਲੀ 'ਤੇ ਢੀਂਡਸਾ ਨੇ ਕਿਹਾ ਕਿ ਇਸ ਰੈਲੀ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਹ ਰੈਲੀ ਲਈ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਵਰਕਰਾਂ ਨਾਲ ਮੀਟਿੰਗਾਂ ਇਸੇ ਤਰ੍ਹਾਂ ਜ਼ਾਰੀ ਰਹਿਣਗੀਆਂ ਅਤੇ ਉਹ ਪੰਜਾਬ ਦੇ ਹਰ ਇਲਾਕੇ ਵਿਚ ਜਾ ਕੇ ਲੋਕਾਂ ਨੂੰ ਆਪਣੇ ਇਸ ਮਿਸ਼ਨ ਨਾਲ ਜੋੜਨਗੇ।