ਲੋਕ ਸੰਘਰਸ਼ ਲਿਆਇਆ ਰੰਗ, ਮਨਜੀਤ ਧਨੇਰ ਜੇਲ ''ਚੋਂ ਹੋਏ ਰਿਹਾਅ

Friday, Nov 15, 2019 - 09:27 AM (IST)

ਲੋਕ ਸੰਘਰਸ਼ ਲਿਆਇਆ ਰੰਗ, ਮਨਜੀਤ ਧਨੇਰ ਜੇਲ ''ਚੋਂ ਹੋਏ ਰਿਹਾਅ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਿਰਨਜੀਤ ਕੌਰ ਕਤਲ ਕਾਂਡ 'ਚ ਇਨਸਾਫ ਲਈ ਲੜਨ ਵਾਲੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰਾਜਪਾਲ ਵੱਲੋਂ ਮੁਆਫ ਕਰ ਦਿੱਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ 'ਤੇ ਵੀਰਵਾਰ ਦੇਰ ਰਾਤ ਸਾਢੇ 8 ਵਜੇ ਧਨੇਰ ਦੀ ਜੇਲ 'ਚੋਂ ਰਿਹਾਈ ਹੋਈ।

ਧਨੇਰ ਦੀ ਰਿਹਾਈ ਦਾ ਫੈਸਲਾ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਲਿਆ ਸੀ। ਰਿਹਾਈ ਦੇ ਆਰਡਰ ਦੀ ਖਬਰ ਮਿਲਦੇ ਹੀ 46 ਦਿਨ ਤੋਂ ਧਨੇਰ ਦੀ ਰਿਹਾਈ ਲਈ ਬਰਨਾਲਾ ਜੇਲ ਦੇ ਬਾਹਰ ਚੱਲ ਰਹੇ ਪੱਕੇ ਮੋਰਚੇ ਵਿਚ ਵੀਰਵਾਰ ਨੂੰ 10 ਹਜ਼ਾਰ ਦੇ ਕਰੀਬ ਲੋਕ ਪਹੁੰਚ ਗਏ ਸਨ। ਸ਼ਾਮ ਨੂੰ 6 ਵਜੇ ਦੇ ਕਰੀਬ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਦੀ ਕਾਪੀ ਨਾ ਮਿਲਣ ਅਤੇ ਧਨੇਰ ਨੂੰ ਸਵੇਰੇ ਛੱਡਣ ਦੀ ਗੱਲ ਕਹੀ ਪਰ ਰਾਤ ਕਰੀਬ 8 ਵਜੇ ਮਨਜੀਤ ਧਨੇਰ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ 'ਚੋਂ ਰਿਹਾਅ ਹੋਣ ਮਗਰੋਂ ਮਨਜੀਤ ਧਨੇਰ ਸਿੱਧਾ ਮੋਰਚੇ ਵਿਚ ਗਏ। ਧਨੇਰ ਨੇ ਕਿਹਾ ਮੇਰੀ ਰਿਹਾਈ ਬਦੀ 'ਤੇ ਨੇਕੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲਗਭਗ ਡੇਢ ਮਹੀਨੇ ਤੋਂ ਲੋਕ ਮੇਰੇ ਲਈ ਸੰਘਰਸ਼ ਕਰਦੇ ਹੋਏ ਧਰਨੇ 'ਤੇ ਬੈਠੇ ਰਹੇ, ਉਨ੍ਹਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਅੱਜ ਦੀ ਰਾਤ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿਚ ਹੀ ਕੱਟਣਗੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਆਗੂ ਧਨੇਰ ਨੂੰ ਸ਼ੁੱਕਰਵਾਰ ਦੀ ਸਵੇਰ ਨੂੰ 11 ਵਜੇ ਵੱਡੇ ਕਾਫਲੇ ਦੇ ਰੂਪ ਵਿਚ ਪੂਰੇ ਮਾਣ-ਸਤਿਕਾਰ ਨਾਲ ਮਹਿਲ ਕਲਾਂ ਨਜ਼ਦੀਕ ਉਨ੍ਹਾਂ ਦੇ ਪਿੰਡ ਧਨੇਰ ਲੈ ਕੇ ਜਾਣਗੇ।


author

cherry

Content Editor

Related News