ਬਰਨਾਲਾ ''ਚ LED ਸਟਰੀਟ ਲਾਈਟਾਂ ਦਾ ਸਿਹਰਾ ਲੈਣ ਲਈ ਕਾਂਗਰਸੀਆਂ ਤੇ ਅਕਾਲੀਆਂ ''ਚ ਲੱਗੀ ਹੋੜ

Thursday, Feb 28, 2019 - 12:45 PM (IST)

ਬਰਨਾਲਾ ''ਚ LED ਸਟਰੀਟ ਲਾਈਟਾਂ ਦਾ ਸਿਹਰਾ ਲੈਣ ਲਈ ਕਾਂਗਰਸੀਆਂ ਤੇ ਅਕਾਲੀਆਂ ''ਚ ਲੱਗੀ ਹੋੜ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਸ਼ਹਿਰ ਵਿਚ ਆਧੁਨਿਕ ਐਲ. ਈ. ਡੀ. ਸਟਰੀਟ ਲਾਈਆਂ ਲਗਾਉਣ ਦਾ ਸਿਹਰਾ ਲੈਣ ਲਈ ਕਾਂਗਰਸੀਆਂ ਅਤੇ ਅਕਾਲੀਆਂ ਵਿਚ ਹੋੜ ਜਿਹੀ ਲੱਗ ਗਈ ਹੈ। ਜਿਥੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਬਰਨਾਲਾ ਸ਼ਹਿਰ ਵਾਸੀਆਂ ਨੂੰ ਇਕ ਹੋਰ ਵੱਡੀ ਸੌਗਾਤ ਦੇਣ ਦਾ ਦਾਅਵਾ ਕਰ ਰਹੇ ਹਨ। ਉਥੇ ਹੀ ਅਕਾਲੀ ਦਲ ਇਸ ਨੂੰ ਆਪਣੀ ਸਰਕਾਰ ਦਾ ਪ੍ਰੋਜੈਕਟ ਦੱਸ ਰਿਹਾ ਹੈ।

ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਨੂੰ ਵਿਕਾਸ ਦੀ ਪਟਰੀ 'ਤੇ ਤੇਜੀ ਨਾਲ ਤੋਰਨ ਦੇ ਲਈ ਪਹਿਲ ਕਦਮੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਰਾਹੀਂ 3.5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਐਲ.ਈ.ਡੀ. ਅਤਿ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕਰਵਾਉਣ ਦਾ ਉਪਰਾਲਾ ਕੀਤਾ ਹੈ। ਸ.ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ 5000 ਤੋਂ ਵਧੇਰੇ ਐਲ.ਈ.ਡੀ. ਅਤਿ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਸਟਰੀਟ ਲਾਈਟਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ। ਸ. ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਨਵੀਂਆਂ ਅਤਿ ਆਧੁਨਿਕ ਸਟਰੀਟ ਲਾਈਟਾਂ ਲੱਗਣ ਨਾਲ ਨਾ ਸਿਰਫ ਸ਼ਹਿਰ ਦੀ ਖੂਬਸੂਰਤੀ 'ਚ ਵਾਧਾ ਹੋਵੇਗਾ ਸਗੋਂ ਪੂਰਾ ਬਰਨਾਲਾ ਸ਼ਹਿਰ ਰੋਸ਼ਨੀ ਨਾਲ ਜਗਮਗਾ ਜਾਏਗਾ ਅਤੇ ਇਸ ਨਾਲ ਨਗਰ ਕੌਂਸਲ ਬਰਨਾਲਾ ਦਾ ਬਿਜਲੀ ਦਾ ਬਿੱਲ ਵੀ ਅੱਧਾ ਰਹਿ ਜਾਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਗਰ ਕੌਂਸਲ ਬਰਨਾਲਾ ਵੱਲੋਂ ਇਨ੍ਹਾਂ ਸਟਰੀਟ ਲਾਈਟਾਂ ਦਾ ਬਿਜਲੀ ਤੇ ਹੋਰ ਰੱਖ-ਰਖਾਉ ਦਾ ਖਰਚਾ 20 ਲੱਖ ਰੁਪਏ ਦੇ ਕਰੀਬ ਕੀਤਾ ਜਾ ਰਿਹਾ ਹੈ, ਜਿਸਨੂੰ ਘਟਾ ਕੇ 10 ਲੱਖ ਰੁਪਏ ਤੋਂ ਵੀ ਹੇਠਾਂ ਲੈ ਕੇ ਆਉਣ ਦੀ ਤਜਵੀਜ਼ ਹੈ। ਸ. ਢਿੱਲੋਂ ਨੇ ਕਿਹਾ ਕਿ ਨਵੀਂਆਂ ਅਤਿ ਆਧੁਨਿਕ ਲਾਈਟਾਂ ਦੀ ਲੋਕੇਸ਼ਨ ਗੂਗਲ ਮੈਪ 'ਤੇ ਵੀ ਪਾਈ ਜਾਵੇਗੀ ਅਤੇ ਜੇਕਰ ਕਿਸੇ ਵੀ ਲਾਈਟ 'ਚ ਕੋਈ ਨੁਕਸ ਪੈਂਦਾ ਹੈ ਤਾਂ ਇਸ ਨੂੰ 24 ਘੰਟਿਆਂ 'ਚ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤ ਆਨਲਾਈਨ ਦਰਜ ਕਰਵਾਉਣ ਸਬੰਧੀ ਇਕ ਟੈਲੀਫੋਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਘਰ ਬੈਠੇ ਹੀ ਖਰਾਬ ਹੋਈ ਸਟਰੀਟ ਲਾਈਟ ਦੀ ਸਮੱਸਿਆ ਦਾ ਹੱਲ ਕਰਵਾ ਸਕਣ। ਉਨ੍ਹਾਂ ਕਿਹਾ ਕਿ 50 ਫੀਸਦੀ ਬਿਜਲੀ ਦੀ ਬੱਚਤ ਦੇ ਨਾਲ-ਨਾਲ ਇਨ੍ਹਾਂ ਸਟਰੀਟ ਲਾਈਟਾਂ ਦੀ ਰੋਸ਼ਨੀ ਵਿਚ ਵੀ ਵਾਧਾ ਹੋਵੇਗਾ ਜੋ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਵੀ ਮਦਦ ਕਰੇਗਾ।

ਬਰਨਾਲਾ ਜ਼ਿਲ੍ਹੇ ਦੇ ਵਿਕਾਸ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਸ.ਕੇਵਲ ਸਿੰਘ ਢਿੱਲੋਂ ਨੇ ਇਕ ਵਾਰ ਮੁੜ ਤੋਂ ਜ਼ਿਲ੍ਹੇ ਨੂੰ ਪੰਜਾਬ ਦਾ ਨੰਬਰ ਇਕ ਜ਼ਿਲ੍ਹਾ ਬਣਾਉਣ ਦਾ ਅਹਿਦ ਦੁਹਰਾਇਆ ਅਤੇ ਕਿਹਾ ਕਿ ਇਸ ਕੰਮ ਲਈ ਉਹ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ ਅਤੇ ਲੋੜੀਂਦੀਆਂ ਸਹੂਲਤਾਂ ਲਈ ਗ੍ਰਾਂਟ ਲੈ ਕੇ ਆਉਣ ਲਈ ਸੂਬੇ ਦੇ ਮੰਤਰੀਆਂ ਨਾਲ ਨਿੱਜੀ ਪੱਧਰ 'ਤੇ ਰਾਬਤਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਬਰਨਾਲਾ ਵਾਸੀਆਂ ਦੀ ਕਿਸੇ ਵੀ ਮੰਗ ਨੂੰ ਬੂਰ ਨਹੀਂ ਪਿਆ ਤੇ ਉਨ੍ਹਾਂ ਦੀ ਲੀਡਰਸ਼ਿਪ ਵੱਲੋਂ ਬਰਨਾਲਾ ਇਲਾਕੇ ਨੂੰ ਵਿਕਾਸ ਪੱਖੋਂ ਜਾਣ ਬੁੱਝ ਕੇ ਮਹਿਰੂਮ ਰੱਖਿਆ ਗਿਆ ਪਰ ਹੁਣ ਲੋਕਾਂ ਦੀ ਆਪਣੀ ਸਰਕਾਰ ਬਣਨ 'ਤੇ ਬਰਨਾਲਾ ਜ਼ਿਲ੍ਹੇ ਨੂੰ ਜਲਦ ਹੀ ਵਿਕਸਤ ਜ਼ਿਲ੍ਹਿਆਂ ਦੀ ਕਤਾਰ 'ਚ ਲਿਆਂਦਾ ਜਾਵੇਗਾ। ਅੰਤ ਵਿਚ ਉਨ੍ਹਾਂ ਕਿਹਾ ਕਿ ਉਨਾਂ ਦਾ ਇਕੋ ਇੱਕ ਮੁੱਦਾ ਹੈ ਬਰਨਾਲਾ ਦਾ ਵਿਕਾਸ ਜਿਸ ਦੇ ਲਈ ਉਨ੍ਹਾਂ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਨਾਂ ਕਿਹਾ ਉਨ੍ਹਾਂ ਵੱਲੋਂ ਜੋ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰਾ ਕੀਤਾ ਜੋ ਕਿਹਾ ਉਹ ਕਰਕੇ ਵਿਖਾਇਆ ਅਤੇ ਆਉਣ ਵਾਲੇ ਸਮੇਂ ਵਿਚ ਬਰਨਾਲਾ ਜ਼ਿਲੇ ਦੀ ਨੁਹਾਰ ਬਦਲਣ ਲਈ ਪੂਰਨ ਤੌਰ 'ਤੇ ਵਚਨਬੱਧ ਹਾਂ।


author

cherry

Content Editor

Related News