ਬਰਨਾਲਾ ਦਾ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਾ ਰਿਹੈ ਮਾਤ (ਵੀਡੀਓ)
Friday, Aug 17, 2018 - 10:12 AM (IST)
ਬਰਨਾਲਾ(ਬਿਊਰੋ)—ਤਸਵੀਰਾਂ ਵਿਚ ਦਿਸ ਰਿਹਾ ਇਹ ਕੋਈ ਪ੍ਰਾਈਵੇਟ ਕਾਨਵੈਂਟ ਸਕੂਲ ਨਹੀਂ ਸਗੋਂ ਬਰਨਾਲਾ ਦੇ ਪਿੰਡ ਬੀਹਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿੱਥੇ ਸਮਾਰਟ ਕਲਾਸ ਰੂਮ, ਵੱਡੀ ਸਟੇਜ, ਟਰੈਫਿਕ ਟਰੇਨਿੰਗ ਪਾਰਕ ਅਤੇ ਵੱਖ-ਵੱਖ ਤਰ੍ਹਾਂ ਦੇ ਮੋਡਲ ਮੌਜੂਦ ਹਨ। ਪੂਰੇ ਸਕੂਲ ਦੀਆਂ ਕੰਧਾਂ 'ਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਚਿੱਤਰ ਬਣਾਏ ਗਏ ਹਨ। ਹਰ ਸਹੂਲਤਾਂ ਨਾਲ ਲੈਸ ਇਸ ਸਕੂਲ ਦੀ ਬਿਲਡਿੰਗ ਨੇ ਕਾਨਵੈਂਟ ਸਕੂਲ ਨੂੰ ਮਾਤ ਦਿੱਤੀ ਹੋਈ ਹੈ।
ਸਕੂਲ ਦੇ ਸਵੱਛ ਵਾਤਾਵਰਣ, ਸਮਾਰਟ ਦਿਖ ਅਤੇ ਵਿੱਦਿਅਕ ਮਾਹੌਲ ਨੇ ਜਿਥੇ ਸਕੂਲ ਨੂੰ ਚਾਰ ਚੰਨ ਲਗਾ ਰੱਖੇ ਹਨ, ਉਥੇ ਹੀ ਹੁਣ ਸਕੂਲ ਅਧਿਆਪਕ ਵੀ ਇੱਥੇ ਸੇਵਾਵਾਂ ਦੇਣ ਵਿਚ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਦੇ ਮੋਹਰੀਆਂ ਨੇ ਦੱਸਿਆ ਕਿ ਸਕੂਲ ਨੂੰ ਮਾਡਰਨ ਬਣਾਉਣ ਵਿਚ ਪਹਿਲਾਂ ਇਸ ਅਧਿਆਪਕ ਨੇ ਖੁਦ ਸਾਢੇ 4 ਲੱਖ ਆਪਣੀ ਜੇਬ ਵਿਚੋਂ ਦਾਨ ਕੀਤੇ ਅਤੇ ਫਿਰ ਪਿੰਡ ਦੇ ਐਨ.ਆਰ.ਆਈਜ਼. ਨੇ ਮਹਿਲਾ ਵਾਸੀਆਂ ਸਮੇਤ ਸਕੂਲ ਦੇ ਸਮੂਹ ਸਟਾਫ ਨੇ ਵੀ ਇਸ ਚੰਗੇ ਕੰਮ ਵਿਚ ਹਿੱਸਾ ਪਾਉਂਦਿਆਂ ਸਕੂਲ ਦੀ ਦਿਖ ਬਦਲ ਦਿੱਤੀ। ਬੇਸ਼ੱਕ ਸਰਕਾਰਾਂ 'ਤੇ ਸਰਕਾਰੀ ਸਕੂਲ ਨੂੰ ਅਣਗੋਲਿਆਂ ਕੀਤੇ ਜਾਣ ਦਾ ਇਲਜ਼ਾਮ ਲੱਗਦਾ ਹੈ ਪਰ ਬਰਨਾਲਾ ਜ਼ਿਲਾ ਦੇ ਪਿੰਡ ਬੀਹਲਾ ਦੇ ਇਸ ਸਕੂਲ ਤੋਂ ਹੋਰਨਾ ਪਿੰਡਾਂ ਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਹਰ ਸਕੂਲ ਦੀ ਦਿਖ ਬਦਲ ਸਕੇ।