ਪੂਰੀਆਂ ਫੀਸਾਂ ਵਸੂਲਣ ਦਾ ਮਾਮਲਾ : ਕਾਲਜ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ
Tuesday, Aug 06, 2019 - 05:12 PM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਪੂਰੀਆਂ ਫੀਸਾਂ ਮੰਗਣ ਦੇ ਮਾਮਲੇ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਵਿਦਿਆਰਥੀ ਕਾਲਜ ਮੈਨੇਜਮੈਂਟ ਦੇ ਭਰੋਸੇ ਤੋਂ ਬਾਅਦ ਟੈਂਕੀ ਤੋਂ ਹੇਠਾਂ ਉਤਰ ਆਏ ਹਨ। ਦਰਅਸਲ ਐੱਸ. ਡੀ. ਕਾਲਜ ਵੱਲੋਂ ਐੱਸ. ਸੀ. ਵਿਦਿਆਰਥੀਆਂ ਤੋਂ ਪੂਰੀਆਂ ਫੀਸਾਂ ਮੰਗਣ ਦੇ ਮਾਮਲੇ 'ਤੇ ਐੱਸ. ਸੀ. ਵਿਦਿਆਰਥੀ ਅੱਜ ਦੂਜੇ ਦਿਨ ਵੀ ਪਿੰਡ ਪੱਤੀ ਸੇਖਵਾਂ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਰਹੇ। ਸਾਰੀ ਰਾਤ ਵਿਦਿਆਰਥੀਆਂ ਨੇ ਟੈਂਕੀ 'ਤੇ ਹੀ ਗੁਜ਼ਾਰੀ। ਇਸ ਦੌਰਾਨ ਤਿੰਨ ਵਿਦਿਆਰਥਣਾਂ ਦੀ ਹਾਲਤ ਵੀ ਗੰਭੀਰ ਹੋ ਗਈ। ਪ੍ਰਸ਼ਾਸਨ ਵੱਲੋਂ ਦੂਜੇ ਦਿਨ ਵੀ ਵਿਦਿਆਰਥੀਆਂ ਦੇ ਮਸਲੇ ਦਾ ਹੱਲ ਨਾ ਕੱਢਣ 'ਤੇ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਕਈ ਜਥੇਬੰਦੀਆਂ ਦੇ ਆਗੂ ਵੀ ਵਿਦਿਆਰਥੀਆਂ ਦੇ ਹੱਕ 'ਚ ਉਤਰ ਆਏ ਹਨ।
ਜੰਗਲਾਂ 'ਚ ਸੱਪਾਂ ਦੇ ਡਰ ਹੇਠਾਂ ਬਿਤਾਈ ਸਾਰੀ ਰਾਤ
ਰਮਨਦੀਪ ਕੌਰ, ਸੁਖਪ੍ਰੀਤ ਕੌਰ, ਰਣਜੋਤ ਕੌਰ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਡੀ ਕੋਈ ਪ੍ਰਵਾਹ ਨਹੀਂ। ਅਸੀਂ ਜਾਇਜ਼ ਮੰਗਾਂ ਮੰਗ ਰਹੇ ਹਾਂ। ਲੜਕੀਆਂ ਹੁੰਦਿਆਂ ਹੋਇਆਂ ਵੀ ਅਸੀਂ ਸਾਰੀ ਰਾਤ ਜੰਗਲਾਂ 'ਚ ਸੱਪਾਂ ਦੇ ਡਰ ਹੇਠਾਂ ਬਿਤਾਈ। ਸੱਪ ਸਾਡੇ ਆਲੇ-ਦੁਆਲੇ ਘੁੰਮ ਰਹੇ ਸਨ। ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਗਰਮੀ ਲੱਗਣ ਕਾਰਣ ਅਸੀਂ ਹੋਈਆਂ ਬੀਮਾਰ
ਬੀ. ਸੀ. ਏ. ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਕਿਹਾ ਕਿ ਭਿਆਨਕ ਗਰਮੀ 'ਚ ਅਸੀਂ ਅੰਦੋਲਨ ਚਲਾਉਣ ਲਈ ਮਜਬੂਰ ਹਾਂ। ਗਰਮੀ ਲੱਗਣ ਕਾਰਣ ਮੈਂ ਅਤੇ ਮੇਰੀ ਸਾਥਣਾਂ ਰਮਨਦੀਪ ਕੌਰ ਅਤੇ ਪ੍ਰਭਜੋਤ ਕੌਰ ਬੀਮਾਰ ਹੋ ਗਈਆਂ ਹਾਂ। ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਕਾਲਜ ਮੈਨੇਜਮੈਂਟ ਦੀ ਹੈ। ਜਦੋਂ ਤੱਕ ਸਾਨੂੰ ਲਿਖਤੀ ਤੌਰ 'ਤੇ ਕੋਈ ਵਿਸ਼ਵਾਸ ਨਹੀਂ ਦਿੱਤਾ ਜਾਂਦਾ, ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਐੱਸ. ਡੀ. ਐੱਮ. ਵੱਲੋਂ ਲਿਖਤੀ ਵਿਸ਼ਵਾਸ ਦਿਵਾਉਣ 'ਤੇ ਵਿਦਿਆਰਥੀ ਉਤਰੇ ਟੈਂਕੀ ਤੋਂ
ਆਖਰਕਾਰ ਪ੍ਰਸ਼ਾਸਨ ਨੂੰ ਐੱਸ. ਸੀ. ਵਿਦਿਆਰਥੀਆਂ ਦੇ ਅੰਦੋਲਨ ਅੱਗੇ ਝੁਕਣਾ ਪਿਆ। ਐੱਸ. ਡੀ. ਐੱਮ. ਸੰਦੀਪ ਕੁਮਾਰ ਅਤੇ ਡੀ. ਐੱਸ. ਪੀ. ਰਾਜੇਸ਼ ਛਿੱਬਰ ਕਾਲਜ ਮੈਨੇਜਮੈਂਟ ਦਾ ਲਿਖਤੀ ਭਰੋਸਾ ਲੈ ਕੇ ਵਿਦਿਆਰਥੀਆਂ ਕੋਲ ਪੁੱਜੇ ਅਤੇ ਲਿਖਤੀ ਤੌਰ 'ਤੇ ਦਿੱਤਾ ਗਿਆ ਭਰੋਸਾ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਉਨ੍ਹਾਂ ਦੇ ਆਗੂਆਂ ਨੂੰ ਇਹ ਭਰੋਸਾ ਪੱਤਰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਐੱਸ. ਸੀ. ਵਿਦਿਆਰਥੀ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰ ਆਏ।