ਭਗਵੰਤ ਮਾਨ ਨੇ NRIs ਵੱਲੋਂ ਭੇਜੇ ਫੰਡਾਂ ''ਚ ਕੀਤੀ ਘਪਲੇਬਾਜ਼ੀ : ਜੱਸੀ ਜਸਰਾਜ

Friday, Apr 05, 2019 - 04:20 PM (IST)

ਭਗਵੰਤ ਮਾਨ ਨੇ NRIs ਵੱਲੋਂ ਭੇਜੇ ਫੰਡਾਂ ''ਚ ਕੀਤੀ ਘਪਲੇਬਾਜ਼ੀ : ਜੱਸੀ ਜਸਰਾਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜਾਬ 'ਚ ਭ੍ਰਿਸ਼ਟਾਚਾਰ ਸਭ ਤੋਂ ਵੱਡਾ ਮੁੱਦਾ ਹੈ। ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਲੀਡਰ ਭ੍ਰਿਸ਼ਟਾਚਾਰ 'ਚ ਡੁੱਬੇ ਹੋਏ ਹਨ। ਇਹ ਸ਼ਬਦ ਪੰਜਾਬ ਡੈਮੋਕ੍ਰੇਟਿਕ ਅਲਾਈਨਜ਼ ਵੱਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਜੱਸੀ ਜਸਰਾਜ ਨੇ ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਕਾਲਾ ਢਿੱਲੋਂ ਦੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਐੱਨ.ਆਰ.ਆਈਜ਼ ਵੱਲੋਂ 1 ਹਜ਼ਾਰ ਕਰੋੜ ਰੁਪਏ ਦਾ ਫੰਡ ਭੇਜਿਆ ਗਿਆ ਸੀ ਪਰ ਉਸ ਫੰਡ ਦਾ ਭਗਵੰਤ ਮਾਨ ਵੱਲੋਂ ਕੋਈ ਹਿਸਾਬ ਨਹੀਂ ਦਿੱਤਾ ਗਿਆ। ਇਨ੍ਹਾਂ ਫੰਡਾਂ 'ਚ ਘਪਲੇਬਾਜ਼ੀ ਕੀਤੀ ਗਈ ਹੈ। ਐੱਨ. ਆਰ. ਆਈਜ਼ ਨੇ ਇਹ ਫੰਡ ਦਸਵੰਧ ਕੱਢ ਕੇ ਭੇਜਿਆ ਸੀ। ਬਾਦਲ ਪਰਿਵਾਰ ਵੱਲੋਂ ਗੋਲਕਾਂ ਲੁੱਟੀਆਂ ਜਾ ਰਹੀਆਂ ਹਨ ਪਰ ਭਗਵੰਤ ਮਾਨ ਤਾਂ ਦਸਵੰਧ ਹੀ ਖਾ ਗਏ।

ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਪਾਰਟੀ ਦੀ ਲਹਿਰ ਸੀ। ਹਰ ਕੋਈ ਕਹਿ ਰਿਹਾ ਸੀ ਕਿ ਆਮ ਪਾਰਟੀ ਦੀ ਸਰਕਾਰ ਬਣੇਗੀ ਪਰ ਭਗਵੰਤ ਮਾਨ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਦਿੱਲੀ ਵਾਲਿਆਂ ਨਾਲ ਮਿਲ ਕੇ ਇਨਕਲਾਬ ਕ੍ਰਾਂਤੀ ਦਾ ਖਾਤਮਾ ਕਰ ਦਿੱਤਾ। ਭਗਵੰਤ ਮਾਨ ਨੂੰ ਨਾ ਤਾਂ ਸੁਖਪਾਲ ਖਹਿਰਾ ਚੰਗਾ ਲਗਦਾ ਹੈ, ਨਾ ਗਾਂਧੀ, ਨਾ ਬੈਂਸ ਭਰਾ। ਇਸ ਇਕੱਲੇ ਇਨਸਾਨ ਨੇ ਹੀ ਪਾਰਟੀ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ। ਇਸ ਕਰਕੇ ਹੁਣ ਮੈਨੂੰ ਇਸ ਦੇ ਖਿਲਾਫ ਚੋਣ ਲੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ, ਕਾਂਗਰਸ ਤੋਂ ਹਰ ਵਰਗ ਦੁਖੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਪੰਜਾਬ ਵਿਚ ਨਸ਼ਿਆਂ ਦਾ ਖਾਤਮਾ ਨਹੀਂ ਕੀਤਾ। ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ। ਸਭ ਤੋਂ ਵੱਧ ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਗਰੂਰ ਅਤੇ ਬਰਨਾਲਾ ਜ਼ਿਲੇ 'ਚ ਹੀ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਕਾਲਾ ਢਿੱਲੋਂ ਵੀ ਹਾਜ਼ਰ ਸਨ।


author

cherry

Content Editor

Related News