ਭਾਰੀ ਬਾਰਿਸ਼ ਤੋਂ ਬਾਅਦ ਪਾਣੀ ''ਚ ਡੁੱਬੀ ਹੈਰੀਟੇਜ ਸਟਰੀਟ
Wednesday, Aug 21, 2024 - 04:10 PM (IST)
ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ ਵਿਖੇ ਬੁੱਧਵਾਰ ਦੀ ਸਵੇਰ ਤੋਂ ਹੋ ਰਹੀ ਮੁਸਲਾਧਾਰ ਬਾਰਿਸ਼ ਕਾਰਨ ਹੈਰੀਟੇਜ ਸਟਰੀਟ ਇਕ ਵਾਰ ਫਿਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ 'ਚ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵਕ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਹੋਈ ਬਾਰਿਸ਼ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਦੀ ਪੋਲ ਖੋਲ੍ਹ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲੀਆਂ ਸੰਗਤਾਂ, ਕਈ ਰਾਜਨੀਤਿਕ ਹਸਤੀਆਂ ਅਤੇ ਮਹਾਨ ਸ਼ਖ਼ਸੀਅਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇਸੇ ਰਸਤੇ ਤੋਂ ਹੀ ਜਾਂਦੀਆਂ ਹਨ, ਜਿਸ ਦਾ ਕੁਝ ਕੁ ਸਮੇਂ ਦੀ ਬਾਰਿਸ਼ ਨਾਲ ਜਲਥਲ ਹੋਣਾ ਅੰਮ੍ਰਿਤਸਰ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਇਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਜਲ੍ਹਿਆਂਵਾਲਾ ਬਾਗ ਨੂੰ ਜਾਣ ਲਈ ਯਾਤਰੀ ਇਸੇ ਰਸਤੇ ਤੋਂ ਹੋ ਕੇ ਜਾਂਦੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਇਹ ਹੀ ਮੇਨ ਰਸਤਾ ਹੈ ਅਤੇ ਦੇਖਣਾ ਇਹ ਹੈ ਕਿ ਹੁਣ ਪ੍ਰਸ਼ਾਸਨ ਇਸ ਵੱਲ ਕਦੋਂ ਧਿਆਨ ਦਿੰਦਾ ਹੈ। ਅੰਮ੍ਰਿਤਸਰ ਵਿਖੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਮੌਸਮ ਵਿੱਚ ਵੀ ਕਾਫੀ ਤਬਦੀਲੀ ਆ ਗਈ ਹੈ। ਇਸ ਭਾਰੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਹਾਲਾਂਕਿ ਬੀਤੇ ਦਿਨੀ ਚਮਾਸਿਆਂ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੀ ਜਿਹੜਾ ਕਿ ਇਸ ਭਾਰੀ ਬਰਸਾਤ ਦੇ ਹੋਣ ਨਾਲ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ।