ਬਰਗਾੜੀ ਮੋਰਚਾ ਐਤਵਾਰ ਨੂੰ ਹੋ ਜਾਵੇਗਾ ਖਤਮ?

Friday, Dec 07, 2018 - 09:53 AM (IST)

ਬਰਗਾੜੀ ਮੋਰਚਾ ਐਤਵਾਰ ਨੂੰ ਹੋ ਜਾਵੇਗਾ ਖਤਮ?

ਚੰਡੀਗੜ੍ਹ/ਪਟਿਆਲਾ/ਨੂਰਪੁਰ ਬੇਦੀ, (ਪਰਮੀਤ, ਸ਼ਮਸ਼ੇਰ)—ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ  ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਕੇ ਬਰਗਾੜੀ ਵਿਖੇ ਸ਼ੁਰੂ ਕੀਤਾ ਗਿਆ ਮੋਰਚਾ  ਆਖਰਕਾਰ ਐਤਵਾਰ ਨੂੰ ਖਤਮ ਹੋ ਸਕਦਾ ਹੈ।  ਇਸ ਮੋਰਚੇ ਦੀ ਸਮਾਪਤੀ ਵਾਸਤੇ ਕੱਲ ਸ਼ੁੱਕਰਵਾਰ ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਭੋਗ ਐਤਵਾਰ ਨੂੰ ਪਾਇਆ ਜਾਵੇਗਾ। ਸੰਭਾਵਨਾ ਹੈ ਕਿ  ਭੋਗ ਦੀ ਸਮਾਪਤੀ ਉਪਰੰਤ ਹੀ ਮੋਰਚੇ ਦੀ ਸਮਾਪਤੀ ਦਾ ਐਲਾਨ ਵੀ ਕਰ ਦਿੱਤਾ ਜਾਵੇ। ਇਸ  ਗੱਲ ਦੇ ਸੰਕੇਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦਿੱਤੇ ਹਨ। ਇਹ ਮੋਰਚਾ ਇਸ ਵੇਲੇ  ਜਥੇਦਾਰ ਧਿਆਨ ਸਿੰਘ ਮੰਡ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੀ ਚੱਲ  ਰਿਹਾ ਹੈ।

ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਮੰਡ ਨੇ ਸੂਚਿਤ  ਕੀਤਾ  ਹੈ ਕਿ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਐਤਵਾਰ ਨੂੰ ਹੋਣ ਵਾਲੇ  ਸਮਾਗਮ ਵਿਚ ਸਰਕਾਰ ਦੇ ਪ੍ਰਤੀਨਿਧ ਵੱਲੋਂ ਪੁੱਜ ਕੇ ਮੰਗਾਂ ਮੰਨਣ ਦਾ ਐਲਾਨ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਸਾਰੀਆਂ ਹੀ ਮੰਨੇ ਜਾਣ ਦੀ  ਸੰਭਾਵਨਾ ਹੈ। 

ਜਦੋਂ ਪੁੱਛਿਆ ਗਿਆ ਕਿ ਮੁੱਖ ਮੰਗਾਂ ਕੀ ਹਨ? ਤਾਂ ਜਥੇਦਾਰ ਦਾਦੂਵਾਲ  ਨੇ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ, ਬਹਿਬਲ ਕਲਾਂ ਦੇ ਸਿੰਘਾਂ  ਦੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਹੀ ਮੋਰਚਾ ਸ਼ੁਰੂ  ਕੀਤਾ ਗਿਆ  ਸੀ। ਜਦੋਂ ਪੁੱਛਿਆ ਗਿਆ ਕਿ ਕੀ ਉਹ ਇਸ ਸਾਰੀ ਕਾਰਵਾਈ ਤੋਂ ਸੰਤੁਸ਼ਟ ਹਨ? ਤਾਂ  ਜਥੇਦਾਰ ਦਾਦੂਵਾਲ ਦਾ ਕਹਿਣਾ ਸੀ ਕਿ ਐਤਵਾਰ ਨੂੰ ਹੀ ਪਤਾ ਲੱਗੇਗਾ।


author

Shyna

Content Editor

Related News