ਬਰਗਾੜੀ ਕਾਂਡ ਤੋਂ ਨਾਰਾਜ਼ ਦੋਆਬੇ ਦੇ ਟਕਸਾਲੀ ਅਕਾਲੀ ਆਗੂ ਦੇ ਸਕਦੇ ਨੇ ਪਾਰਟੀ ਨੂੰ ਝਟਕਾ

10/25/2018 9:18:54 AM

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਲਈ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਹੀ ਦਿਨ ਖਰਾਬ ਚੱਲ ਰਹੇ ਹਨ। ਪਹਿਲਾਂ ਪੰਜਾਬ ਵਿਚ ਸਰਕਾਰ ਗੁਆਉਣ ਤੋਂ ਬਾਅਦ ਪਾਰਟੀ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ। ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਵਲੋਂ ਅਸਤੀਫੇ ਦੇਣ ਕਾਰਨ ਚਰਚਾ ਹੈ ਕਿ ਦੋਆਬੇ ਦੇ ਕਈ ਟਕਸਾਲੀ ਆਗੂ ਬਰਗਾੜੀ ਕਾਂਡ ਤੋਂ ਨਾਰਾਜ਼ ਚੱਲ ਰਹੇ ਹਨ।

ਇਸ ਬਾਰੇ ਗੱਲਬਾਤ ਕਰਦਿਆਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂ ਨੇ ਦੱਸਿਆ ਕਿ ਅਕਾਲੀ ਦਲ ਨੂੰ ਆਪਣੀਆਂ ਪੰਥਕ ਨੀਤੀਆਂ 'ਚ ਬਦਲਾਅ ਲਿਆਉਣ ਦੀ ਲੋੜ ਹੈ ਨਹੀਂ ਤਾਂ ਪਾਰਟੀ ਆਪਣੇ ਵਫਾਦਾਰ ਆਗੂਆਂ ਨੂੰ ਗੁਆ ਬੈਠੇਗੀ। ਉਕਤ ਆਗੂ ਨੇ ਦੱਸਿਆ ਕਿ ਦੋਆਬਾ ਵਿਚ ਦਰਜਨਾਂ ਪਾਰਟੀ ਆਗੂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਵਿਚ ਮੁੱਖ ਨਾਰਾਜ਼ਗੀ ਜਿਥੇ ਬਰਗਾੜੀ ਕਾਂਡ ਦੀ ਹੈ ਉਥੇ ਦੋਆਬੇ ਦੇ ਕਈ ਪੰਥਕ ਮਸਲੇ ਹਨ ਜੋ ਪਾਰਟੀ ਹਾਈਕਮਾਨ ਇਕ ਬੈਠਕ ਵਿਚ ਹੱਲ ਕਰਵਾ ਸਕਦੀ ਸੀ ਪਰ ਜਾਣਬੁਝ ਕੇ ਇਨ੍ਹਾਂ ਮਸਲਿਆਂ ਨੂੰ ਕਈ ਸਾਲਾਂ ਤੋਂ ਲਟਕਾਇਆ ਜਾ ਰਿਹਾ ਹੈ। ਇਸ ਕਾਰਨ ਪਾਰਟੀ ਦੀ ਲੀਡਰਸ਼ਿਪ ਵਰ੍ਹਿਆਂ ਤੋਂ ਆਪਸੀ ਧੜੇਬਾਜ਼ੀ ਦਾ ਸ਼ਿਕਾਰ ਹੋ ਰਹੀ ਹੈ।

ਉਕਤ ਆਗੂ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਦੀ ਇਹ ਨੀਤੀ ਹੈ ਕਿ ਕੋਈ ਵੀ ਪੰਥਕ ਮਸਲਾ ਹੋਵੇ ਉਸ ਨੂੰ ਲਟਕਾ ਦੇਵੋ, ਜਿਸ ਕਾਰਨ ਪਾਰਟੀ ਵਰਕਰ ਤੇ ਆਗੂ ਆਪਸ ਵਿਚ ਲੜਦੇ ਰਹਿਣਗੇ ਤੇ ਵਾਰ-ਵਾਰ ਜਾ ਕੇ ਹਾਈਕਮਾਨ ਅੱਗੇ ਹਾਜ਼ਰੀ ਭਰਨਗੇ ਪਰ ਇਸ ਪਾਲਸੀ ਨੇ ਪਾਰਟੀ ਨੂੰ ਲਗਾਤਾਰ ਦੋਆਬੇ ਵਿਚ ਨੁਕਸਾਨ ਪਹੁੰਚਾਇਆ ਹੈ। ਟਕਸਾਲੀ ਆਗੂ ਦੀ ਮੰਨੀਏ ਤਾਂ ਇਹੀ ਕਾਰਨ ਹੈ ਕਿ ਦੋਆਬੇ ਵਿਚ ਕੋਈ ਵੀ ਵੱਡਾ ਅਕਾਲੀ ਆਗੂ ਪੈਦਾ ਹੀ ਨਹੀਂ ਹੋ ਰਿਹਾ। ਜਾਣਕਾਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਤੇ ਬ੍ਰਹਮਪੁਰਾ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ, ਇਸ ਸੂਚੀ ਵਿਚ ਜਲਦੀ ਹੀ ਪਾਰਟੀ ਦੇ ਟਕਸਾਲੀ ਆਗੂ ਵੀ ਸ਼ਾਮਲ ਹੋ ਸਕਦੇ ਹਨ, ਜਿਸ ਕਾਰਨ ਪਾਰਟੀ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੁਸ਼ਕਲ ਹੋ ਸਕਦੀ ਹੈ।


Related News