ਬੇਅਦਬੀ ਕਾਂਡ : ਬਰਗਾੜੀ ਕਸਬਾ ਪੁਲਸ ਛਾਉਣੀ ’ਚ ਤਬਦੀਲ
Tuesday, Jun 01, 2021 - 12:31 AM (IST)
ਫਰੀਦਕੋਟ(ਜ. ਬ.)– ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਦਿਨ-ਦਿਹਾੜੇ ਪਾਵਨ ਸਰੂਪ ਚੋਰੀ ਹੋਣ ਦੀ ਵਾਪਰੀ ਘਟਨਾ ਦੇ 6 ਸਾਲ ਪੂਰੇ ਹੋਣ ’ਤੇ ਇਨਸਾਫ ਨਾ ਮਿਲਣ ਕਾਰਨ ਗਰਮਖਿਆਲੀ ਜਥੇਬੰਦੀਆਂ ਵੱਲੋਂ ਰੱਖੇ ਪ੍ਰੋਗਰਾਮ ਕਰ ਕੇ ਬਰਗਾੜੀ ਕਸਬੇ ਨੂੰ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਵੱਖੋ-ਵੱਖ ਤੌਰ ’ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਅਰਦਾਸ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਦਕਿ ਅਕਾਲੀ ਦਲ ਮਾਨ, ਬਲਜੀਤ ਸਿੰਘ ਦਾਦੂਵਾਲ ਸਮੇਤ ਅਨੇਕਾਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਵੱਖਰਾ ਪ੍ਰੋਗਰਾਮ ਰੱਖਿਆ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਪ੍ਰਧਾਨ ਮੰਤਰੀ 'ਮਨ ਕੀ ਬਾਤ' ਪ੍ਰੋਗਰਾਮ 'ਚ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਤ ਕਦੋਂ ਕਰੇਗਾ : ਮਾਨ
ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਸਮੇਤ ਕੁਝ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਰਕੱਢ ਆਗੂਆਂ ਦੀ ਸ਼ਮੂਲੀਅਤ ਬਾਰੇ ਵੀ ਕਨਸੋਆਂ ਮਿਲ ਰਹੀਆਂ ਹਨ, ਜਿਸ ਕਰਕੇ ਪੁਲਸ ਵਲੋਂ ਬਰਗਾੜੀ ਨੂੰ ਤਾਂ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੌਰਾਨ ਸ਼ਹੀਦ ਹੋਣ ਵਾਲੇ 2 ਸਿੱਖ ਨੌਜਵਾਨਾ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੇ ਬਰਗਾੜੀ ਵਾਲੇ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਣ 117 ਲੋਕਾਂ ਦੀ ਮੌਤ, 2221 ਪਾਜ਼ੇਟਿਵ
ਉਂਝ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਹ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੱਥਾ ਟੇਕਣ ਲਈ ਜ਼ਰੂਰ ਜਾਣਗੇ ਪਰ ਉਨ੍ਹਾਂ ਦਾ ਸਿਆਸੀ ਪਾਰਟੀਆਂ ਨਾਲ ਕੋਈ ਸਰੋਕਾਰ ਨਹੀਂ।